ਖ਼ਾਮੋਸ਼ ਕਾਤਲ: ਦੁਨੀਆ ਨੂੰ ਚੁੱਪਚਾਪ ਨਿਗਲ ਰਿਹਾ ‘ਹਾਈਪਰਟੈਂਸ਼ਨ’

ਆਮ-ਖਾਸ

*170 ਕਰੋੜ ਮਰੀਜ਼ ਅਤੇ ਸਾਲਾਨਾ ਇੱਕ ਕਰੋੜ ਮੌਤਾਂ
ਪੰਜਾਬੀ ਪਰਵਾਜ਼ ਬਿਊਰੋ
ਅੱਜ ਦੀ ਦੁਨੀਆ ਵਿੱਚ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ ਇੱਕ ਐਸੀ ਬਿਮਾਰੀ ਬਣ ਚੁੱਕੀ ਹੈ, ਜੋ ਚੁੱਪਚਾਪ ਮਨੁੱਖੀ ਜ਼ਿੰਦਗੀ ਨੂੰ ਖ਼ਤਮ ਕਰ ਰਹੀ ਹੈ। ਇਹ ਉਹ ਬਿਮਾਰੀ ਹੈ, ਜੋ ਅਕਸਰ ਬਿਨਾਂ ਕਿਸੇ ਵੱਡੇ ਲੱਛਣ ਦੇ ਸਰੀਰ ਵਿੱਚ ਵਧਦੀ ਰਹਿੰਦੀ ਹੈ ਅਤੇ ਜਦੋਂ ਤੱਕ ਪਤਾ ਲੱਗਦਾ ਹੈ, ਤਦ ਤੱਕ ਦਿਲ, ਦਿਮਾਗ ਜਾਂ ਕਿਡਨੀ ਨੂੰ ਗੰਭੀਰ ਨੁਕਸਾਨ ਹੋ ਚੁੱਕਾ ਹੁੰਦਾ ਹੈ। ਤਣਾਅ, ਖ਼ਰਾਬ ਖ਼ੁਰਾਕ, ਨੀਂਦ ਦੀ ਕਮੀ ਅਤੇ ਬਦਲਦੀ ਜੀਵਨ-ਸ਼ੈਲੀ ਨੇ ਇਸ ਨੂੰ ਇੱਕ ਵਿਸ਼ਵ ਪੱਧਰੀ ਖ਼ਾਮੋਸ਼ ਮਹਾਂ-ਮਾਰੀ ਵਿੱਚ ਬਦਲ ਦਿੱਤਾ ਹੈ।

ਵਿਸ਼ਵ ਪੱਧਰੀ ਖ਼ਤਰਾ ਅਤੇ ਤੇਜ਼ੀ ਨਾਲ ਵਧਦੇ ਮਾਮਲੇ
ਤੁਲੇਨ ਯੂਨੀਵਰਸਿਟੀ ਦੇ ਨਵੇਂ ਵਿਸ਼ਵ ਅਧਿਐਨ ਨੇ ਇਹ ਦਰਸਾਇਆ ਹੈ ਕਿ ਪਿਛਲੇ 20 ਸਾਲਾਂ ਵਿੱਚ ਹਾਈਪਰਟੈਂਸ਼ਨ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ ਅਤੇ ਇਹ ਸਮੱਸਿਆ ਖ਼ਾਸ ਕਰਕੇ ਵਿਕਾਸਸ਼ੀਲ ਤੇ ਗ਼ਰੀਬ ਦੇਸ਼ਾਂ ਵਿੱਚ ਜ਼ਿਆਦਾ ਗੰਭੀਰ ਹੋ ਗਈ ਹੈ। ਸਿਹਤ ਸਹੂਲਤਾਂ ਦੀ ਘਾਟ, ਜਾਗਰੂਕਤਾ ਦੀ ਕਮੀ ਅਤੇ ਜੀਵਨ-ਸ਼ੈਲੀ ਵਿੱਚ ਆਏ ਬਦਲਾਅ ਇਸ ਦੇ ਮੁੱਖ ਕਾਰਨ ਹਨ।
ਅਧਿਐਨ ਮੁਤਾਬਕ ਦੁਨੀਆ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਨਵੇਂ ਮਰੀਜ਼ਾਂ ਵਿੱਚ ਕਰੀਬ 90 ਫ਼ੀਸਦੀ ਮਾਮਲੇ ਨਿਮਨ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿੱਚ ਮਿਲਦੇ ਹਨ। ਇਹ ਦਰਸਾਉਂਦਾ ਹੈ ਕਿ ਇਹ ਸਿਰਫ਼ ਇੱਕ ਮੈਡੀਕਲ ਸਮੱਸਿਆ ਨਹੀਂ, ਸਗੋਂ ਇੱਕ ਸਮਾਜਿਕ ਅਤੇ ਆਰਥਿਕ ਸੰਕਟ ਵੀ ਬਣ ਚੁੱਕੀ ਹੈ।
ਚੁੱਪਚਾਪ ਮੌਤਾਂ ਦਾ ਸਿਲਸਿਲਾ
ਅੰਕੜਿਆਂ ਮੁਤਾਬਕ ਦੁਨੀਆ ਦਾ ਹਰ ਤੀਜਾ ਬਾਲਗ ਵਿਅਕਤੀ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਹੈ। ਇਹ ਗਿਣਤੀ ਲਗਭਗ 170 ਕਰੋੜ ਲੋਕਾਂ ਦੇ ਬਰਾਬਰ ਹੈ। ਇਹ ਬਿਮਾਰੀ ਹਰ ਸਾਲ ਕਰੀਬ ਇੱਕ ਕਰੋੜ ਲੋਕਾਂ ਦੀ ਜਾਨ ਲੈ ਰਹੀ ਹੈ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਹ ਮੌਤਾਂ ਅਕਸਰ ਦਿਲ ਦੇ ਦੌਰੇ, ਸਟ੍ਰੋਕ, ਕਿਡਨੀ ਫੇਲ੍ਹੀਅਰ ਅਤੇ ਦਿਮਾਗੀ ਬਿਮਾਰੀਆਂ ਨਾਲ ਜੁੜੀਆਂ ਹੁੰਦੀਆਂ ਹਨ।
ਹਾਈਪਰਟੈਂਸ਼ਨ ਨੂੰ ‘ਸਾਇਲੈਂਟ ਕਿਲਰ’ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਹ ਬਿਨਾਂ ਕਿਸੇ ਦਰਦ ਜਾਂ ਸਪਸ਼ਟ ਲੱਛਣ ਦੇ ਸਰੀਰ ਵਿੱਚ ਵਧਦਾ ਰਹਿੰਦਾ ਹੈ। ਜਦੋਂ ਤੱਕ ਮਰੀਜ਼ ਨੂੰ ਸਮਝ ਆਉਂਦੀ ਹੈ, ਤਦ ਤੱਕ ਸਰੀਰ ਦੇ ਮਹੱਤਵਪੂਰਨ ਅੰਗ ਪ੍ਰਭਾਵਿਤ ਹੋ ਚੁੱਕੇ ਹੁੰਦੇ ਹਨ। ਇਹੀ ਕਾਰਨ ਹੈ ਕਿ ਇਸ ਨੂੰ ਸਮੇਂ ਸਿਰ ਪਛਾਣਨਾ ਅਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।
ਜਾਗਰੂਕਤਾ ਦੀ ਕਮੀ ਅਤੇ ਇਲਾਜ ਦੀ ਚੁਣੌਤੀ
ਅਧਿਐਨ ਦੀ ਮੁੱਖ ਖੋਜ ਕਰਤਾ ਸਮਾਂਥਾ ਓ’ਕੋਨੇਲ ਮੁਤਾਬਕ ਸਭ ਤੋਂ ਵੱਡੀ ਸਮੱਸਿਆ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਹਨ। ਦੂਜੀ ਵੱਡੀ ਸਮੱਸਿਆ ਇਲਾਜ ਦੀ ਨਿਰੰਤਰਤਾ ਹੈ। ਲੋਕ ਦਵਾਈਆਂ ਸ਼ੁਰੂ ਤਾਂ ਕਰਦੇ ਹਨ, ਪਰ ਲੰਬੇ ਸਮੇਂ ਤੱਕ ਉਨ੍ਹਾਂ ਨੂੰ ਜਾਰੀ ਨਹੀਂ ਰੱਖਦੇ।
ਡਾਕਟਰਾਂ ਦੀਆਂ ਸਲਾਹਾਂ ਦੀ ਅਣਦੇਖੀ, ਰੈਗੂਲਰ ਜਾਂਚ ਦੀ ਘਾਟ ਅਤੇ ਜੀਵਨ-ਸ਼ੈਲੀ ਵਿੱਚ ਬਦਲਾਅ ਨਾ ਕਰਨਾ ਇਸ ਬਿਮਾਰੀ ਨੂੰ ਹੋਰ ਵੀ ਖ਼ਤਰਨਾਕ ਬਣਾਉਂਦਾ ਹੈ। ਇਹ ਸਥਿਤੀ ਸਿਰਫ਼ ਗ਼ਰੀਬ ਦੇਸ਼ਾਂ ਤੱਕ ਸੀਮਿਤ ਨਹੀਂ, ਸਗੋਂ ਵਿਕਸਿਤ ਦੇਸ਼ਾਂ ਵਿੱਚ ਵੀ ਇੱਕ ਵੱਡੀ ਚੁਣੌਤੀ ਹੈ।
ਭਾਰਤ ਵਿੱਚ ਹਾਈਪਰਟੈਂਸ਼ਨ ਦਾ ਵਧਦਾ ਸੰਕਟ
ਭਾਰਤ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਥਿਤੀ ਬਹੁਤ ਹੀ ਚਿੰਤਾਜਨਕ ਹੈ। ਵਿਸ਼ਵ ਸਿਹਤ ਸੰਸਥਾ ਅਨੁਸਾਰ ਦੇਸ਼ ਵਿੱਚ 21 ਕਰੋੜ ਤੋਂ ਵੱਧ ਬਾਲਗ ਵਿਅਕਤੀ ਇਸ ਬਿਮਾਰੀ ਨਾਲ ਪੀੜਤ ਹਨ। ਇਹ ਗਿਣਤੀ ਦੇਸ਼ ਦੀ ਵੱਡੀ ਆਬਾਦੀ ਨੂੰ ਦਰਸਾਉਂਦੀ ਹੈ, ਜੋ ਅੰਦਰੋਂ-ਅੰਦਰ ਇਸ ਖ਼ਤਰੇ ਨਾਲ ਜੂਝ ਰਹੀ ਹੈ।
ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਿਰਫ਼ 39 ਫ਼ੀਸਦੀ ਲੋਕਾਂ ਨੂੰ ਹੀ ਪਤਾ ਹੈ ਕਿ ਉਹ ਹਾਈਪਰਟੈਂਸ਼ਨ ਦੇ ਮਰੀਜ਼ ਹਨ। ਬਾਕੀ ਲੋਕ ਅਣਜਾਣੇ ਵਿੱਚ ਇਸ ਬਿਮਾਰੀ ਨਾਲ ਹੀ ਜੀਅ ਰਹੇ ਹਨ। ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਲਗਭਗ 83 ਫ਼ੀਸਦੀ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਕਾਬੂ ਵਿੱਚ ਨਹੀਂ ਹੈ। ਇਸ ਦਾ ਮਤਲਬ ਹੈ ਕਿ ਸਿਰਫ਼ ਲਗਭਗ 17 ਫ਼ੀਸਦੀ ਲੋਕ ਹੀ ਢੰਗ ਨਾਲ ਇਲਾਜ ਅਤੇ ਕੰਟਰੋਲ ਵਿੱਚ ਹਨ। ਇਹ ਅੰਕੜੇ ਭਾਰਤ ਦੀ ਸਿਹਤ ਪ੍ਰਣਾਲੀ ਅਤੇ ਜਾਗਰੂਕਤਾ- ਦੋਹਾਂ ਦੀ ਕਮਜ਼ੋਰੀ ਨੂੰ ਦਰਸਾਉਂਦੇ ਹਨ।
ਪ੍ਰੀ-ਹਾਈਪਰਟੈਂਸ਼ਨ: ਖ਼ਤਰੇ ਦੀ ਸ਼ੁਰੂਆਤ
ਭਾਰਤ ਵਿੱਚ ਪ੍ਰੀ-ਹਾਈਪਰਟੈਂਸ਼ਨ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਇਹ ਉਹ ਹਾਲਤ ਹੈ, ਜਦੋਂ ਬਲੱਡ ਪ੍ਰੈਸ਼ਰ ਸਾਧਾਰਨ ਤੋਂ ਉੱਪਰ ਹੋ ਜਾਂਦਾ ਹੈ, ਪਰ ਹਾਈਪਰਟੈਂਸ਼ਨ ਦੀ ਪੂਰੀ ਹੱਦ ਤੱਕ ਨਹੀਂ ਪਹੁੰਚਦਾ। ਆਈ.ਸੀ.ਐਮ.ਆਰ. ਦੇ ਅਧਿਐਨ ਮੁਤਾਬਕ ਭਾਰਤ ਵਿੱਚ ਲਗਭਗ 34 ਫ਼ੀਸਦੀ ਲੋਕ ਇਸ ਹਾਲਤ ਵਿੱਚ ਹਨ। ਕੁਝ ਜ਼ਿਲਿ੍ਹਆਂ ਵਿੱਚ ਇਹ ਦਰ 15.6 ਫ਼ੀਸਦੀ ਤੋਂ ਲੈ ਕੇ 63.4 ਫ਼ੀਸਦੀ ਤੱਕ ਪਹੁੰਚ ਜਾਂਦੀ ਹੈ। ਇਹ ਦਰਸਾਉਂਦਾ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤੀ ਬਹੁਤ ਅਸਾਵੀਂ ਹੈ। ਕੁਝ ਜ਼ਿਲ੍ਹੇ ਬਹੁਤ ਖ਼ਤਰੇ ਵਿੱਚ ਹਨ, ਜਦਕਿ ਕੁਝ ਥਾਵਾਂ ‘ਤੇ ਸਥਿਤੀ ਕੁਝ ਬਿਹਤਰ ਹੈ।
ਜੀਵਨਸ਼ੈਲੀ, ਖ਼ੁਰਾਕ ਅਤੇ ਤਣਾਅ ਦਾ ਪ੍ਰਭਾਵ
ਭਾਰਤ ਵਿੱਚ ਹਾਈਪਰਟੈਂਸ਼ਨ ਵਧਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਬਦਲਦੀ ਜੀਵਨ-ਸ਼ੈਲੀ ਹੈ। ਲੋਕਾਂ ਦੀ ਖ਼ੁਰਾਕ ਵਿੱਚ ਜ਼ਿਆਦਾ ਨਮਕ, ਤੇਲ ਅਤੇ ਪ੍ਰੋਸੈਸਡ ਫੂਡ ਦੀ ਵਰਤੋਂ ਵਧ ਗਈ ਹੈ। ਸਰੀਰਕ ਸਰਗਰਮੀ ਘੱਟ ਹੋ ਗਈ ਹੈ ਅਤੇ ਤਣਾਅ ਬਹੁਤ ਵਧ ਗਿਆ ਹੈ। ਸ਼ਹਿਰੀ ਜੀਵਨ-ਸ਼ੈਲੀ ਨੇ ਲੋਕਾਂ ਨੂੰ ਜ਼ਿਆਦਾ ਸਮਾਂ ਬੈਠੇ ਰਹਿਣ ਵਾਲੇ ਜੀਵਨ ਵੱਲ ਧੱਕ ਦਿੱਤਾ ਹੈ। ਲੰਬੇ ਕੰਮ ਦੇ ਘੰਟੇ, ਨੀਂਦ ਦੀ ਕਮੀ ਅਤੇ ਮਾਨਸਿਕ ਦਬਾਅ ਇਸ ਬਿਮਾਰੀ ਨੂੰ ਹੋਰ ਤੇਜ਼ ਕਰ ਰਹੇ ਹਨ।
ਰੋਕਥਾਮ ਅਤੇ ਜਾਗਰੂਕਤਾ ਦੀ ਲੋੜ
ਹਾਈਪਰਟੈਂਸ਼ਨ ਨੂੰ ਰੋਕਿਆ ਅਤੇ ਕਾਬੂ ਕੀਤਾ ਜਾ ਸਕਦਾ ਹੈ, ਜੇਕਰ ਸਮੇਂ ਸਿਰ ਧਿਆਨ ਦਿੱਤਾ ਜਾਵੇ। ਰੈਗੂਲਰ ਜਾਂਚ, ਸਿਹਤਮੰਦ ਖ਼ੁਰਾਕ, ਘੱਟ ਨਮਕ ਦੀ ਵਰਤੋਂ, ਰੋਜ਼ਾਨਾ ਕਸਰਤ ਅਤੇ ਤਣਾਅ ਨੂੰ ਘਟਾਉਣਾ ਇਸ ਦੇ ਮੁੱਖ ਹੱਲ ਹਨ।
ਸਭ ਤੋਂ ਵੱਡੀ ਲੋੜ ਜਾਗਰੂਕਤਾ ਦੀ ਹੈ ਤਾਂ ਜੋ ਲੋਕ ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਕਰਵਾਉਣ ਅਤੇ ਇਸ ਖ਼ਾਮੋਸ਼ ਕਾਤਲ ਤੋਂ ਬਚ ਸਕਣ। ਜੇ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਹੋਰ ਵੀ ਭਿਆਨਕ ਰੂਪ ਲੈ ਸਕਦੀ ਹੈ।

Leave a Reply

Your email address will not be published. Required fields are marked *