(ਡਾ. ਆਤਮਜੀਤ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਉੱਤਰੀ ਅਮਰੀਕਾ ਦੇ ਸ਼ਹਿਰਾਂ- ਟੋਰਾਂਟੋ, ਵਿਨੀਪੈੱਗ ਅਤੇ ਸ਼ਿਕਾਗੋ ਵਿੱਚ ਜਾ ਕੇ ਰਹਿੰਦੇ ਹਨ। ਇਸ ਲੇਖ ਲੜੀ ਵਿੱਚ ਉਹ ਪੰਜਾਬੀ ਪਾਠਕਾਂ ਨੂੰ ਮੁਖ ਤੌਰ `ਤੇ ਪੰਜਾਬ ਅਤੇ ਹਿੰਦੋਸਤਾਨ ਦੇ ਹਵਾਲੇ ਨਾਲ ਕੈਨੇਡਾ ਦੇ ਸੱਭਿਆਚਾਰਕ-ਕਲਾਤਮਕ ਲੈਂਡਸਕੇਪ ਦੇ ਕੁਝ ਖੂੰਜੇ ਦਿਖਾਉਣਾ ਚਾਹੁੰਦੇ ਹਨ।)
ਆਤਮਜੀਤ
ਟੋਰਾਂਟੋ ਵਿੱਚ ਮੇਰੇ ਕਈ ਪਿਆਰੇ ਸ਼ਾਗਿਰਦਾਂ ਦਾ ਵਾਸਾ ਹੈ, ਵਿਨੀਪੈੱਗ ਵਿੱਚ ਮੇਰੀ ਧੀ ਅਤੇ ਸ਼ਿਕਾਗੋ ਵਿੱਚ ਮੇਰਾ ਪੁੱਤਰ ਰਹਿੰਦਾ ਹੈ। ਮੈਂ ਇਨ੍ਹਾਂ ਸ਼ਹਿਰਾਂ ਦੀ ਕਈ ਸਾਲਾਂ ਤੋਂ ਲਗਾਤਾਰ ਯਾਤਰਾ ਕਰ ਰਿਹਾ ਹਾਂ। ਜਦੋਂ 1994 ਵਿੱਚ ਪਹਿਲੀ ਵਾਰ ਕੈਨੇਡਾ ਗਿਆ ਸੀ ਤਾਂ ਸੋਚਦਾ ਸਾਂ ਕਿ ਮੈਨੂੰ ਕਿਸੇ ਕਿਸਮ ਦਾ ਸਫ਼ਰਨਾਮਾ ਲਿਖਣ ਦੀ ਜ਼ਰੂਰਤ ਨਹੀਂ। ਜੇ ਲਿਖ ਸਕਾਂ ਤਾਂ ਨਾਟਕ ਲਿਖਣਾ ਚਾਹੀਦਾ ਹੈ। ਨਤੀਜੇ ਵਜੋਂ ਸੰਨ 1996 ਵਿੱਚ ਕੈਲਗਰੀ ਅਤੇ ਐਡਮੰਟਨ ਦੇ ਕਲਾਕਾਰਾਂ ਨੂੰ ਲੈ ਕੇ ਆਪਣਾ ਪ੍ਰਸਿੱਧ ਨਾਟਕ ‘ਕੈਮਲੂਪਸ ਦੀਆਂ ਮੱਛੀਆਂ’ ਮੁਲਕ ਭਰ ਦੇ ਸ਼ਹਿਰਾਂ ਵਿੱਚ ਖੇਡਿਆ, ਜਿਸਦਾ ਕਾਫ਼ੀ ਚਰਚਾ ਹੋਇਆ। ਇਸ ਨਾਟਕ ਦਾ ਇੱਕ ਕਲਾਕਾਰ ਅਮਰਜੀਤ ਸੋਹੀ ਬਾਅਦ ਵਿੱਚ ਕੈਨੇਡਾ ਦੀ ਫ਼ੈਡਰਲ ਸਰਕਾਰ ਦਾ ਕੈਬਨਿਟ ਮੰਤਰੀ ਵੀ ਬਣਿਆ। ਇਸ ਗੇੜੀ ਤੋਂ ਬਾਅਦ 8-10 ਵਾਰ ਉੱਤਰੀ ਅਮਰੀਕਾ ਦੇ ਦੋ ਦੇਸ਼ਾਂ- ਕੈਨੇਡਾ ਅਤੇ ਅਮਰੀਕਾ ਵਿੱਚ ਜਾਣ ਦਾ ਮੌਕਾ ਮਿਲਿਆ, ਜਿਸ ਦੌਰਾਨ ਮੈਂ ਆਪਣੇ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ ਅਤੇ ਉੱਥੋਂ ਦੇ ਨਾਟਕਾਂ ਤੇ ਜੀਵਨ ਨੂੰ ਵੀ ਦੇਖਿਆ। ਅੱਜ ਮੈਨੂੰ ਲਗਦਾ ਹੈ ਕਿ ਮੈਂ ਉਥੋਂ ਦੇ ਸੱਭਿਆਚਾਰਕ ਅਤੇ ਕਲਾ ਨਾਲ ਜੁੜੇ ਆਪਣੇ ਕੁਝ ਅਨੁਭਵਾਂ ਨੂੰ ਪਾਠਕਾਂ ਨਾਲ ਸਾਂਝਾ ਕਰ ਸਕਦਾ ਹਾਂ। ਇਸ ਲੇਖ-ਲੜੀ ਦਾ ਮਕਸਦ ਉੱਥੋਂ ਦੇ ਵਰਤਾਰਿਆਂ ਨਾਲ ਸਾਂਝ ਪੁਆਉਣੀ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈਣਾ ਹੈ।
ਟੋਰਾਂਟੋ ਗਰੇਟਰ ਏਰੀਆ ਵਿੱਚ ਅਨੇਕਾਂ ਨਿੱਕੇ-ਵੱਡੇ ਸ਼ਹਿਰ ਹਨ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਦਾ ਵਾਸਾ ਹੈ ਜਿਵੇਂ ਮਿਸੀਸਾਗਾ, ਰੈਕਸਡੇਲ, ਸਕਾਰਬਰੋ ਆਦਿ। ਬਰੈਂਪਟਨ ਤਾਂ ਹੈ ਹੀ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਸਿੱਖਾਂ ਦਾ ਗੜ੍ਹ। ਹੁਣ ਉਸਤੋਂ ਅਗਲਾ ਸ਼ਹਿਰ ਕੈਲੇਡਨ ਵੀ ਸਾਡੇ ਲੋਕਾਂ ਨੇ ਮੱਲਣਾ ਸ਼ੁਰੂ ਕਰ ਦਿੱਤਾ ਹੈ। ਜਿੱਧਰ ਇੱਕ ਭਾਈਚਾਰਾ ਵੱਸਣ ਲਗਦਾ ਹੈ, ਬਾਕੀ ਵੀ ਉਸ ਪਾਸੇ ਤੁਰਨਾ ਸ਼ੁਰੂ ਹੋ ਜਾਂਦੇ ਹਨ। ਬਹੁਤ ਘੱਟ ਐਸੇ ਇਲਾਕੇ ਹਨ ਜਿੱਥੇ ਹਰ ਕਿਸਮ ਦੀ ਸਾਂਝੀ ਵੱਸੋਂ ਹੋਵੇ ਤੇ ਉਸਦਾ ਕੋਈ ਸਾਂਝਾ ਕਿਰਦਾਰ ਵੀ ਦਿਸੇ। ਕਈ ਵਰ੍ਹੇ ਪਹਿਲਾਂ ਗਰੇਟਰ ਟੋਰਾਂਟੋ ਏਰੀਆ ਦੇ ਸ਼ਹਿਰ ਮਿਸੀਸਾਗਾ ਦੇ ਕੁਝ ਇਲਾਕਿਆਂ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਸੀ, ਪਰ ਹੁਣ ਜਦੋਂ ਉਨ੍ਹਾਂ ਇਲਾਕਿਆਂ ਵਿੱਚ ਪਾਕਿਸਤਾਨੀ ਲੋਕਾਂ ਦੀ ਆਮਦ ਵਧ ਗਈ ਹੈ ਤਾਂ ਹਿੰਦੁਸਤਾਨੀ ਪੰਜਾਬੀਆਂ ਨੇ ਉੱਥੋਂ ਪਲਾਇਣ ਕਰ ਲਿਆ ਹੈ। ਜਿੱਥੇ ਸਾਡੇ ਪੰਜਾਬੀਆਂ ਦੀ ਬਹੁ-ਗਿਣਤੀ ਹੋਣ ਲਗਦੀ ਹੈ, ਉਥੋਂ ਚੀਨੇ ਜਾਂ ਗੋਰੇ ਹੋਰ ਪਾਸੇ ਚਲੇ ਜਾਂਦੇ ਹਨ। ਇਸ ਨੂੰ ਲਾਜ਼ਮੀ ਤੌਰ `ਤੇ ਨਾਂਹ-ਪੱਖੀ ਵਰਤਾਰਾ ਨਹੀਂ ਸਮਝਣਾ ਚਾਹੀਦਾ। ਹਰ ਕਿਸਮ ਦੇ ਲੋਕਾਂ ਦੀਆਂ ਵੱਖਰੀਆਂ ਲੋੜਾਂ ਅਤੇ ਸੱਭਿਆਚਾਰਕ ਦਬਾਅ ਹਨ, ਜਿਸ ਕਰਕੇ ਉਨ੍ਹਾਂ ਦਾ ਇਕੱਠੇ ਹੋਣਾ ਸਾਰਥਕ ਵੀ ਹੈ। ਘਰੇਲੂ ਵਸਤਾਂ ਦੀ ਪੂਰਤੀ ਦੇ ਸਟੋਰ ਤੁਹਾਡੀਆਂ ਸੱਭਿਆਚਾਰਕ ਅਤੇ ਖਾਣ-ਪੀਣ ਦੀਆਂ ਵਿਸ਼ੇਸ਼ ਲੋੜਾਂ ਦਾ ਖ਼ਿਆਲ ਰੱਖਦੇ ਹਨ, ਨਹੀਂ ਤਾਂ ਨੇੜਿਉਂ-ਤੇੜਿਉਂ ਰਸੋਈ ਦੇ ਮਸਾਲੇ ਲੱਭਣੇ ਵੀ ਮੁਸ਼ਕਲ ਹੋ ਜਾਣਗੇ। ਭਾਰਤੀ ਰੈਸਟੋਰਾਂ ਉੱਥੇ ਹੀ ਖੁਲ੍ਹਣਗੇ, ਜਿੱਥੇ ਉਨ੍ਹਾਂ ਦੀ ਭਰਪੂਰ ਵੱਸੋਂ ਹੋਵੇਗੀ। ਸਕੂਲਾਂ ਵਿੱਚ ਪੜ੍ਹਨ ਵਾਲੇ ਹੋਰ ਬੱਚੇ ਜੇ ਆਪਣੇ ਸੱਭਿਆਚਾਰ ਵਿੱਚੋਂ ਹੋਣ ਤਾਂ ਮਾਪਿਆਂ ਦੇ ਮਨ ਵਿੱਚ ਸੁਰੱਖਿਆ ਦੀ ਭਾਵਨਾ ਬਣੀ ਰਹਿੰਦੀ ਹੈ।
ਇਨ੍ਹਾਂ ਵਰਤਾਰਿਆਂ ਦੇ ਅਪਵਾਦ ਵੀ ਹਨ। ਬਹੁਤੇ ਅਮੀਰ ਆਦਮੀ ਆਪਣੇ ਭਾਈਚਾਰੇ ਦੇ ਗ਼ਰੀਬਾਂ ਵਿੱਚ ਰਹਿਣ ਦੀ ਬਜਾਇ ਦੂਜੇ ਅਮੀਰਾਂ ਦਾ ਸਾਥ ਭਾਲਦੇ ਹਨ। ਬਹੁਤ ਜ਼ਿਆਦਾ ਪੜ੍ਹੇ-ਲਿਖੇ ਲੋਕਾਂ ਵਿੱਚ ਵੀ ਅਜਿਹੀ ਰੁਚੀ ਦੇਖੀ ਜਾ ਸਕਦੀ ਹੈ। ਪਿੰਡਾਂ ਦੇ ਖੁਲ੍ਹੇ ਮਾਹੌਲ ਵਿੱਚੋਂ ਗਏ ਲੋਕ ਜਦੋਂ ਚੰਗੀ ਰੋਟੀ ਖਾਣ ਲਗ ਜਾਂਦੇ ਹਨ ਤਾਂ ਦੁਰੇਡੀਆਂ ਥਾਵਾਂ `ਤੇ ਵੱਡੀਆਂ ਪ੍ਰਾਪਰਟੀਆਂ ਖ਼ਰੀਦ ਕੇ ਮਹਿਲਾਂ ਵਰਗੇ ਘਰਾਂ ਵਿੱਚ ਵੀ ਰਹਿੰਦੇ ਹਨ; ਉਨ੍ਹਾਂ `ਚੋਂ ਕਈ ਫ਼ਾਰਮ ਹਾਊਸ ਹਨ। ਕੁਝ ਕੰਮਾਂ-ਕਾਜਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਹਨ। ਗਰੇਟਰ ਏਰੀਏ ਦੇ ਸ਼ਹਿਰਾਂ ਵਿੱਚ ਮੰਗ ਵਧਣ ਦੇ ਨਾਲ ਕਿਰਾਏ ਅਤੇ ਮਕਾਨਾਂ ਦੀਆਂ ਕੀਮਤਾਂ ਵਿੱਚ ਢੇਰ ਸਾਰਾ ਵਾਧਾ ਹੋ ਗਿਆ ਹੈ। ਨਤੀਜੇ ਵਜੋਂ ਸੌ-ਸਵਾ ਸੌ ਕਿਲੋਮੀਟਰ ਦੇ ਅੰਦਰ ਪੈਂਦੇ ਹੋਰ ਨਿੱਕੇ-ਨਿੱਕੇ ਸ਼ਹਿਰਾਂ ਵਿੱਚ ਵੀ ਪੰਜਾਬੀਆਂ ਦੀ ਗਿਣਤੀ ਬਹੁਤ ਵਧ ਗਈ ਹੈ ਜਿਵੇਂ ਕਿਚਨਰ, ਨਿਆਗਰਾ, ਹੈਮਿਲਟਨ, ਵਾਟਰਲੂ, ਗੁਲਫ਼, ਕੈਂਬਰਿਜ, ਲੰਡਨ ਆਦਿਕ। ਤੇਜ਼ੀ ਨਾਲ ਦੌੜਦੇ ਹਾਈਵੇ ਲੋਕਾਂ ਨੂੰ ਉਨ੍ਹਾਂ ਦੇ ਕੰਮਾਂ ਉੱਤੇ ਥੋੜ੍ਹੇ ਵਕਤ ਵਿੱਚ ਪਹੁੰਚਣ `ਚ ਮਦਦ ਕਰਦੇ ਹਨ।
ਟੋਰਾਂਟੋ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਹੋਣ ਕਾਰਨ ਉੱਥੇ ਬਹੁਤ ਸਾਰੇ ਗੁਰਦਵਾਰੇ ਹਨ। ਇਸਦੇ ਨਾਲ-ਨਾਲ ਇਹ ਵੀ ਸੱਚ ਹੈ ਕਿ ਕਈ ਵਾਰ ਸਾਡੇ ਧਰਮ-ਸਥਾਨ ਆਪਣੇ ਲੋਕਾਂ ਦੀ ਅੰਦਰਲੀ ਰਾਜਨੀਤੀ ਨੂੰ ਚਮਕਾਉਣ ਦਾ ਅਤੇ ਉਨ੍ਹਾਂ ਦੇ ਸਵਾਰਥਾਂ ਦਾ ਵੀ ਕੇਂਦਰ ਬਣ ਜਾਂਦੇ ਹਨ। ਇਸੇ ਲਈ ਮੇਨਸਟਰੀਮ ਰਾਜਨੀਤੀ ਨੂੰ ਵੀ ਇਨ੍ਹਾਂ ਦੀ ਲੋੜ ਹੈ, ਕਿਉਂਕਿ ਉਨ੍ਹਾਂ ਦੀਆਂ ਵੋਟਾਂ ਵਾਸਤੇ ਵੀ ਇੱਥੇ ਹੀ ਆਧਾਰ ਤਿਆਰ ਹੁੰਦਾ ਹੈ। ਪਰ ਵਿਦੇਸ਼ ਵਿੱਚ ਧਰਮ-ਅਸਥਾਨਾਂ ਦਾ ਕਈ ਕਿਸਮ ਦਾ ਆਸਰਾ ਵੀ ਹੁੰਦਾ ਹੈ। ਇਹ ਸਥਾਨ ਭਗਤੀ-ਭਾਵ ਦੇ ਨਾਲ-ਨਾਲ ਸੱਭਿਆਚਾਰਕ ਮੇਲ-ਮਿਲਾਪ ਲਈ, ਬੱਚਿਆਂ ਵਾਸਤੇ ਆਪਣੇ ਇਤਿਹਾਸ ਅਤੇ ਬੋਲੀ ਦੀ ਸਿੱਖਿਆ ਦੇ ਕੇਂਦਰ ਵਜੋਂ, ਪੰਜਾਬੀ ਖੇਡਾਂ ਵਾਸਤੇ ਆਪਣੀ ਵੱਸੋਂ ਨੂੰ ਮੁਢਲਾ ਆਧਾਰ ਦੇਣ ਲਈ, ਕਮਿਊਨਿਟੀ ਵਿੱਚ ਵਾਪਰਦੀਆਂ ਚੰਗੀਆਂ-ਮੰਦੀਆਂ ਗੱਲਾਂ ਉੱਤੇ ਵਿਚਾਰ-ਵਟਾਂਦਰੇ ਲਈ ਅਤੇ ਸਥਾਨਕ ਸਮਾਜਕ ਤੇ ਰਾਜਸੀ ਵਰਤਾਰਿਆਂ ਨੂੰ ਸਮਝਣ-ਸਮਝਾਉਣ ਦਾ ਕੰਮ ਵੀ ਕਰਦੇ ਹਨ। ਟੋਰਾਂਟੋ ਵਿੱਚ ਇੱਕ ਦਰਜਨ ਤੋਂ ਵਧ ਵੱਡੇ ਗੁਰਦਵਾਰੇ ਹਨ। ਪੰਦਰਾਂ-ਵੀਹ ਸਾਲ ਪਹਿਲਾਂ ਬਣੇ ਗੋਰ ਰੋਡ ਗੁਰਦਵਾਰੇ ਦੀ ਇਮਾਰਤ ਬਿਲਕੁਲ ਸਾਡੇ ਮੁਲਕ ਦੇ ਗੁਰਦਵਾਰਿਆਂ ਵਾਂਗ ਹੈ, ਜਦੋਂ ਕਿ ਬਾਕੀ ਗੁਰੂ-ਘਰਾਂ ਦੀ ਇਮਾਰਤ ਪੱਛਮੀ ਅਤੇ ਭਾਰਤੀ ਇਮਾਰਤਕਾਰੀ ਦਾ ਮਿਲਾਪ ਜਾਪਦੀ ਹੈ।
ਖਾਲਸਾ ਡਰਾਈਵ ਤੇ ਸਥਿਤ ਡਿਕਸੀ ਗੁਰੂ-ਘਰ (ਓਂਟਾਰੀਓ ਖਾਲਸਾ ਦਰਬਾਰ) ਓਂਟਾਰੀਓ ਰਾਜ ਦਾ ਵੱਡਾ ਗੁਰਦਵਾਰਾ ਹੈ, ਜਿੱਥੇ ਪ੍ਰਬੰਧਕਾਂ ਦੀ ਚੋਣ ਵੀ ਹੁੰਦੀ ਹੈ। 40 ਏਕੜ ਜ਼ਮੀਨ ਦੇ ਮਾਲਕ ਇਸ ਗੁਰੂ-ਘਰ ਦੀ ਆਪਣੀ ਸ਼ਾਨ ਹੈ, ਜਿਸ ਦੀ ਬਿਲਡਿੰਗ ਵਿੱਚ ਇੱਕੋ ਸਮੇਂ ਪੰਜ ਹਾਲ ਬਣਾਏ ਜਾ ਸਕਦੇ ਹਨ। ਇਉਂ ਇੱਕੋ ਵੇਲੇ ਕਈ ਅਖੰਡ-ਪਾਠ ਧਰੇ ਜਾਂਦੇ ਹਨ। ਪੰਜਾਬ ਤੋਂ ਗਏ ਬਹੁਤ ਸਾਰੇ ਰਾਗੀ ਜਥੇ ਗੁਰੂ-ਘਰ ਦੇ ਅੰਦਰ ਹੀ ਠਹਿਰਦੇ ਹਨ ਅਤੇ ਵਾਰੀ ਸਿਰ ਉਨ੍ਹਾਂ ਨੂੰ ਕੀਰਤਨ ਕਰਨ ਦਾ ਮੌਕਾ ਮਿਲਦਾ ਹੈ। ਪਸੰਦ ਦੇ ਰਾਗੀਆਂ ਨੂੰ ਲੋਕ ਘਰਾਂ ਵਿੱਚ ਵੀ ਲੈ ਜਾਂਦੇ ਹਨ। ਹਰਿੰਮਦਰ ਸਾਹਿਬ ਤੋਂ ਬਾਅਦ ਇਹ ਸ਼ਾਇਦ ਦੁਨੀਆਂ ਦਾ ਇੱਕੋ-ਇੱਕ ਗੁਰਦਵਾਰਾ ਹੈ, ਜਿੱਥੇ ਸਵੇਰੇ ਚਾਰ ਵਜੇ ਤੋਂ ਰਾਤ ਦਸ ਵਜੇ ਤੱਕ ਗੁਰਬਾਣੀ ਕੀਰਤਨ ਹੁੰਦਾ ਹੈ ਅਤੇ ਨਿਰੰਤਰ ਲੰਗਰ ਵਰਤਦਾ ਹੈ। ਡਿਕਸੀ ਗੁਰੂ-ਘਰ ਵਿੱਚ ਕਈ ਵਾਰ ਆਪਸੀ ਵੈਰ-ਵਿਰੋਧ ਵੀ ਹੁੰਦਾ ਹੈ ਅਤੇ ਮਾਮਲੇ ਕਚਹਿਰੀਆਂ ਤਕ ਵੀ ਪਹੁੰਚਦੇ ਹਨ।
1984 ਦੀਆਂ ਪੰਜਾਬ ਦੀਆਂ ਦੁਖਦਾਈ ਘਟਨਾਵਾਂ ਤੋਂ ਬਾਅਦ ਸੁਭਾਵਿਕ ਤੌਰ `ਤੇ ਲੋਕਾਂ ਵਿੱਚ ਭਾਰਤ ਸਰਕਾਰ ਅਤੇ ਖਾਸ ਕਰਕੇ ਕਾਂਗਰਸ ਵਿਰੁੱਧ ਗੁੱਸਾ ਬਰਕਰਾਰ ਹੈ। ਇਸਦਾ ਮਤਲਬ ਇਹ ਨਹੀਂ ਕਿ ਲੋਕ ਬੀ.ਜੇ.ਪੀ., ਅਕਾਲੀ ਜਾਂ ਆਮ ਆਦਮੀ ਸਰਕਾਰ ਤੋਂ ਬਹੁਤ ਖ਼ੁਸ਼ ਹਨ। ਅੱਜ ਵੀ ਲਗਪਗ ਹਰੇਕ ਗੁਰਦਵਾਰੇ ਵਿੱਚ ਖ਼ਾਲਿਸਤਾਨ-ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ। ਇਸੇ ਕਰਕੇ ਭਾਰਤ ਤੋਂ ਜਾਣ ਵਾਲੇ ਬਹੁਤ ਸਾਰੇ ਰਾਜਸੀ ਨੇਤਾਵਾਂ ਨੂੰ ਇਨ੍ਹਾਂ ਗੁਰਦਵਾਰਿਆਂ ਵਿੱਚ ਬੋਲਣ ਦੀ ਆਗਿਆ ਵੀ ਨਹੀਂ ਮਿਲਦੀ। ਗੁਰਦਵਾਰੇ ਤੋਂ ਇਲਾਵਾ ਹੋਰ ਕਿਸੇ ਥਾਂ `ਤੇ ਏਨੀ ਵੱਡੀ ਸੰਗਤ ਨੂੰ ਸੰਬੋਧਨ ਕਰਨਾ ਸੰਭਵ ਨਹੀਂ। ਜੇ ਕੋਈ ਅਜਿਹਾ ਯਤਨ ਕਰੇਗਾ ਤਾਂ ਇਸ ਨੂੰ ਗੁਰੂ-ਘਰ ਦੇ ਵਿਰੋਧ ਵਜੋਂ ਵੀ ਲਿਆ ਜਾ ਸਕਦਾ ਹੈ।
ਅੱਜਕਲ੍ਹ ਟੋਰਾਂਟੋ ਵਿੱਚ ਪੰਜਾਬੀ ਰੰਗਮੰਚ ਚੜ੍ਹਦੀ ਕਲਾ ਵਿੱਚ ਹੈ। ਹੀਰਾ ਰੰਧਾਵਾ, ਨਾਹਰ ਔਜਲਾ ਆਦਿ ਕਲਾਕਾਰਾਂ ਦੇ ਗਰੁੱਪ ਸਰਗਰਮ ਹਨ, ਪਰ ਪੰਜਾਬੀ ਆਰਟਸ ਐਸੋਸੀਏਸ਼ਨ ਦੀ ਸਥਿਤੀ ਵੱਖਰੀ ਹੈ। ਹਿੰਦੁਸਤਾਨ ਵਿੱਚੋਂ ਗਏ ਸਰਬਜੀਤ ਅਰੋੜਾ ਨੇ ਉੱਥੋਂ ਦੇ ਪੰਜਾਬੀ ਥੀਏਟਰ ਨੂੰ ਨਵਾਂ ਰੰਗ, ਅਨੁਸ਼ਾਸਨ ਅਤੇ ਗਹਿਰਾਈ ਦਿੱਤੀ ਹੈ। ਮੈਂ ਵੀ ਟੋਰਾਂਟੋ ਵਿੱਚ ਪਿਛਲੇ 30 ਸਾਲਾਂ ਦੌਰਾਨ 6-7 ਵੱਡੇ ਨਾਟਕ ਤਿਆਰ ਕਰਕੇ ਪੇਸ਼ ਕੀਤੇ ਹਨ, ਬਹੁਤ ਸਾਰੇ ਨਾਟਕਾਂ ਦੀ ਰੀਹਰਸਲ ਗੁਰਦਵਾਰਿਆਂ ਵੱਲੋਂ ਉੱਥੇ ਬਣੇ ਛੋਟੇ-ਛੋਟੇ ਹਾਲਾਂ ਵਿੱਚ ਹੁੰਦੀ ਰਹੀ ਹੈ। ਉਂਜ ਕੈਲੇਫ਼ੋਰਨੀਆਂ ਵਿੱਚ ਤਿਆਰ ਕੀਤੇ ਨਾਟਕ ‘ਗਦਰ ਐਕਸਪ੍ਰੈੱਸ’ ਦੀਆਂ ਰੀਹਰਸਲਾਂ ਮੈਂ ਓਥੋਂ ਦੇ ਇੱਕ ਮੰਦਿਰ ਵਿੱਚ ਕੀਤੀਆਂ ਸਨ।
ਮੇਰਾ ਇੱਕ ਅਨੁਭਵ ਬੜਾ ਵਿਲੱਖਣ ਹੈ, ਜਦੋਂ 1999 ਵਿੱਚ ਗੁਰੂ ਗੋਬਿੰਦ ਸਿੰਘ ਦੀ ਜਨਮ-ਸ਼ਤਾਬਦੀ ਦੇ ਸੰਬੰਧ ਵਿੱਚ ਡਾ. ਗੁਰਦਿਆਲ ਸਿੰਘ ਫੁੱਲ ਦੇ ਨਾਟਕ ‘ਸਭਿ ਕਿਛੁ ਹੋਤ ਉਪਾਇ’ ਤਿਆਰ ਕਰਨ ਲਈ ਸੱਦਿਆ ਗਿਆ ਸੀ। ਜਿਸ ਗੁਰੂ-ਘਰ ਵਿੱਚ ਅਸੀਂ ਰੀਹਰਸਲਾਂ ਕਰ ਰਹੇ ਸੀ, ਕੁਝ ਦਿਨਾਂ ਬਾਅਦ ਸਾਨੂੰ ਉੱਥੋਂ ਛੱਡ ਕੇ ਜਾਣ ਦਾ ਹੁਕਮ ਹੋਇਆ। ਗੁਰਦਵਾਰਾ ਪ੍ਰਬੰਧਕਾਂ ਨੂੰ ਇਤਰਾਜ਼ ਸੀ ਕਿ ਸਾਡੀ ਟੀਮ ਵਿੱਚ ਕੁਝ ਲੋਕ ਕਾਮਰੇਡ ਸਨ, ਕੁਝ ਨਿਰੰਕਾਰੀ ਤੇ ਕੁਝ ਦਾਰੂ ਪੀਣ ਵਾਲੇ। ਮੇਰੇ ਲਈ ਸਵਾਲ ਇਹ ਸੀ ਕਿ ਕੀ ਉਹ ਉੱਥੇ ਅਪਣੀ ਕਾਮਰੇਡੀ ਦਿਖਾਉਣ ਜਾਂ ਦਾਰੂ ਪੀਣ ਜਾਂਦੇ ਸਨ? ਉਂਜ ਵੀ ਭਾਈਚਾਰੇ ਦੇ ਸਾਰੇ ਵਿਆਹ ਗੁਰੂ-ਘਰਾਂ ਵਿੱਚ ਹੁੰਦੇ ਹਨ। ਚੰਗੀ ਗੱਲ ਇਹ ਹੈ ਕਿ ਫ਼ੇਰਿਆਂ ਵਾਲੇ ਦਿਨ ਮੈਰਿਜ ਪੈਲੇਸ ਦਾ ਲੰਚ ਨਹੀਂ ਕੀਤਾ ਜਾਂਦਾ, ਬਲਕਿ ਗੁਰਦਵਾਰੇ ਵਿੱਚ ਲੰਗਰ ਛਕਾਇਆ ਜਾਂਦਾ ਹੈ, ਜਿਹੜੀ ਕਿ ਬੜੀ ਸਿਹਤਮੰਦ ਪਿਰਤ ਹੈ। ਪਰ ਮੈਂ ਸੋਚਦਾ ਹਾਂ ਕਿ ਪ੍ਰਬੰਧਕਾਂ ਕੋਲ ਅਜਿਹਾ ਕੀ ਤਰੀਕਾ ਸੀ, ਜਿਸ ਨਾਲ ਉਹ ਵਿਆਹ ਵਿੱਚ ਆਇਆਂ ਦਾ ਟੈੱਸਟ ਕਰ ਸਕਦੇ ਹੋਣ ਕਿ ਉਹ ਕੈਸੇ ਹਨ? ਮੈਨੂੰ ਇਸ ਘਟਨਾ `ਤੇ ਸਦਾ ਅਫ਼ਸੋਸ ਰਹੇਗਾ। ਪਰ ਇਹ ਵੀ ਸੱਚ ਹੈ ਕਿ ਇਸ ਨਾਟਕ ਦੀਆਂ ਬਾਕੀ ਰੀਹਰਸਲਾਂ ਸ਼੍ਰੋਮਣੀ ਸਿੱਖ ਸੰਗਤ ਨਾਂ ਦੇ ਗੁਰੂ-ਘਰ ਵਿੱਚ ਹੋਈਆਂ।
ਟੋਰਾਂਟੋ ਤੋਂ ਅਨੇਕਾਂ ਪੰਜਾਬੀ ਚੋਣ ਲੜ ਕੇ ਓਂਟਾਰੀਓ ਰਾਜ ਅਤੇ ਕੈਨੇਡਾ ਦੇ ਕੇਂਦਰ ਦੀ ਪਾਰਲੀਮੈਂਟ ਵਿੱਚ ਅਕਸਰ ਪ੍ਰਤੀਨਿੱਧਤਾ ਕਰਦੇ ਹਨ। ਇਸ ਵੇਲੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਬਹੁਤ ਸਾਰੇ ਪੰਜਾਬੀ ਐਮ.ਪੀ. ਅਤੇ ਮੰਤਰੀ ਹਨ। ਕੈਨੇਡਾ ਦੀ ਪਾਰਲੀਮੈਂਟ ਦੇ ਅੰਦਰ ਹਰ ਸਾਲ ਵਿਸਾਖੀ ਸਮੇਂ ਅਖੰਡ ਪਾਠ ਤੇ ਕੀਰਤਨ ਹੁੰਦਾ ਹੈ। ਬਹੁ-ਸੱਭਿਆਚਾਰ ਦੀ ਇਸਤੋਂ ਵੱਡੀ ਮਿਸਾਲ ਕੀ ਹੋਵੇਗੀ ਕਿ ਪੂਰਵ ਪ੍ਰਧਾਨ ਮੰਤਰੀ ਟਰੂਡੋ ਕਈ ਵਾਰ ਬਿਨਾਂ ਦੱਸੇ-ਪੁੱਛੇ ਔਟਵਾ ਦੇ ਗੁਰੂ-ਘਰ ਵਿੱਚ ਮੱਥਾ ਟੇਕਣ ਚਲਾ ਜਾਂਦਾ ਸੀ? ਸਾਡੇ ਲੋਕਾਂ ਨੇ ਉੱਥੋਂ ਦੀ ਟਰਾਂਸਪੋਰਟ, ਵਪਾਰ, ਮੋਟਲ, ਰੀਐਲਟਿੰਗ, ਫਾਈਨਾਂਸ਼ਲ, ਲੀਗਲ, ਬੀਮਾ ਆਦਿ ਸੇਵਾਵਾਂ ਦੇ ਖੇਤਰਾਂ ਵਿੱਚ ਸਤਿਕਾਰਯੋਗ ਥਾਂ ਬਣਾਇਆ ਹੈ। ਸਾਰੇ ਕੈਨੇਡਾ ਦੀ ਅੱਧੀ ਤੋਂ ਵੱਧ ਟਰੱਕਿੰਗ ਪੰਜਾਬੀਆਂ ਦੇ ਹੱਥ ਵਿੱਚ ਹੈ। ਜਿੰਨਾ ਕੈਨੇਡਾ ਨੇ ਪੰਜਾਬੀਆਂ ਨੂੰ ਅਪਣਾਇਆ ਹੈ, ਸ਼ਾਇਦ ਕਿਸੇ ਵੀ ਹੋਰ ਮੁਲਕ ਨੇ ਨਹੀਂ ਅਪਣਾਇਆ। ਇਸੇ ਲਈ ਸਾਡੇ ਲੋਕਾਂ ਨੇ ਸਮਾਜ ਸੇਵਾ ਵਿੱਚ ਵੀ ਮਿਸਾਲੀ ਯੋਗਦਾਨ ਪਾਇਆ ਹੈ।
ਇੰਗਲੈਂਡ ਦੀ ਵਿਸ਼ਵ ਪ੍ਰਸਿੱਧ ਸੰਸਥਾ ‘ਖਾਲਸਾ ਏਡ’ ਨੇ ਦੁਨੀਆਂ ਭਰ ਵਿੱਚ ਜ਼ਿਕਰਯੋਗ ਕੰਮ ਕੀਤਾ ਹੈ। 1999 ਤੋਂ ਉਹ ਸਾਰੀਆਂ ਮਨੁੱਖੀ ਬਿਪਤਾਵਾਂ ਦੌਰਾਨ ਆਪਣੀ ਸੇਵਾ ਕਰ ਰਹੇ ਹਨ ਜਿਨ੍ਹਾਂ ਵਿੱਚ ਟਰਕੀ, ਕਾਂਗੋ, ਅਫ਼ਗਾਨਿਸਤਾਨ, ਇੰਡੋਨੇਸ਼ੀਆ, ਸੀਰੀਆ, ਕੀਨੀਆਂ, ਫ਼ਿਲੀਪੀਨਜ਼, ਇੰਗਲੈਂਡ ਅਤੇ ਬੰਗਲਾਦੇਸ਼ ਵਰਗੇ ਮੁਲਕਾਂ ਵਿੱਚ ਜਦੋਂ ਵੀ ਮਨੁੱਖ ਉੱਤੇ ਬਿਪਤਾ ਪਈ, ਇਸ ਸੰਸਥਾ ਨੇ ਇਤਿਹਾਸਕ ਕੰਮ ਕੀਤਾ। ਮੇਰੇ ਇੱਕ ਜਾਣਕਾਰ ਅਨੁਸਾਰ ਟੋਰਾਂਟੋ ਦੇ ਲੋਕਾਂ ਨੇ ਇਸ ਪੁੰਨ ਵਾਸਤੇ ਖੁਲ੍ਹ ਕੇ ਦਾਨ ਦਿੱਤਾ। ਟੋਰਾਂਟੋ ਦੇ ਪੰਜਾਬੀਆਂ ਨੇ ਵਿਲੀਅਮ ਓਸਲਰ ਹਸਪਤਾਲ, ਬਰੈਂਪਟਨ ਵਿੱਚ ਕੁਝ ਸਾਲ ਪਹਿਲਾਂ ਕਈ ਮਿਲੀਅਨ ਡਾਲਰ ਦੀ ਸਹਾਇਤਾ ਦੇ ਕੇ ‘ਗੁਰੂ ਨਾਨਕ’ ਦੇ ਨਾਂ `ਤੇ ਹਸਪਤਾਲ ਦਾ ਇੱਕ ਵਿੰਗ ਬਣਾਇਆ ਗਿਆ, ਜਿਸ ਨੂੰ ਗੁਰੂ ਨਾਨਕ ਐਮਰਜੈਂਸੀ ਸਰਵਿਸ ਡੀਪਾਰਟਮੈਂਟ ਦਾ ਨਾਂ ਦਿੱਤਾ ਗਿਆ। ਇਕੱਲੇ ਹਰਪ੍ਰੀਤ ਸੇਠੀ ਨੇ ਪੰਜ ਲੱਖ ਡਾਲਰ ਭੇਟ ਕੀਤੇ। ਇਸੇ ਤਰ੍ਹਾਂ ਕੁਝ ਸਾਲ ਪਹਿਲਾਂ ਕਰੈਡਿਟ ਵੈਲੀ ਹਸਪਤਾਲ ਵਿੱਚ ਵੀ ਵਿੱਚ ਸਿੱਖ/ਪੰਜਾਬੀ ਭਾਈਚਾਰੇ ਵੱਲੋਂ ਦਿੱਤੇ ਗਏ ਦਾਨ ਨਾਲ ‘ਗੁਰੂ ਨਾਨਕ ਵਾਰਡ’ ਬਣਿਆ ਹੈ। ਪਿਛਲੇ ਅਨੇਕਾਂ ਸਾਲਾਂ ਤੋਂ ਜਸਵਿੰਦਰ ਖੋਸਾ ਦੀ ਅਗਵਾਈ ਵਿੱਚ ਹਰ ਐਤਵਾਰ ਲੰਗਰ ਪਕਾ ਕੇ ਉੱਥੋਂ ਦੇ ਐਬੋਰਿਜਨਲ ਲੋਕਾਂ (ਆਦਿ-ਵਾਸੀਆਂ) ਵਿੱਚ ਵਰਤਾਇਆ ਜਾ ਰਿਹਾ ਹੈ। ਇੱਕ ਹੋਰ ਮਾਅਰਕੇ ਦਾ ਕੰਮ ‘ਸੇਵਾ ਫ਼ੂਡ ਬੈਂਕ’ ਦੀ ਸਥਾਪਨਾ ਹੈ, ਜਿਸ ਵਿੱਚ ਪਿਛਲੇ ਕੁਝ ਸਮੇਂ ਤੋਂ ਲੋਕਾਂ ਨੇ 12 ਲੱਖ ਡਾਲਰ ਦਾਨ ਦੇ ਰੂਪ ਵਿੱਚ ਦਿੱਤੇ। ਇੱਥੋਂ ਕੋਈ ਵੀ ਲੋੜਵੰਦ ਆਪਣੇ ਪਰਿਵਾਰ ਵਾਸਤੇ ਸੁੱਕੀ ਰਸਦ ਲੈ ਜਾ ਸਕਦਾ ਹੈ। ਹਰ ਹਫ਼ਤੇ ਲਗਪਗ 500 ਤੋਂ 1000 ਪਰਿਵਾਰ ਇਸ ਦਾ ਲਾਭ ਲੈ ਰਹੇ ਹਨ। ਕਮਾਲ ਦੀ ਗੱਲ ਇਹ ਹੈ ਕਿ ਇੱਥੋਂ ਰਸਦ ਲੈ ਕੇ ਜਾਣ ਵਾਲਿਆਂ ਵਿੱਚ ਕੋਈ ਵਿਰਲਾ-ਟਾਂਵਾਂ ਹੀ ਪੰਜਾਬੀ ਹੁੰਦਾ ਹੈ। ਹੁਣ ਉਨ੍ਹਾਂ ਨੇ ਗ਼ੈਰ-ਪੰਜਾਬੀਆਂ ਨੂੰ ਪੰਜਾਬੀ ਖਾਣਾ ਬਣਾਉਣ ਦੀ ਜਾਚ ਵੀ ਸਿਖਾਣੀ ਸ਼ੁਰੂ ਕਰ ਦਿਤੀ ਹੈ। ਇੰਡੀਆ ਤੋਂ ਆਏ ਵਿਦਿਆਰਥੀ ਪਹਿਲਾਂ ਵਾਂਗ ਹੁਣ ਵੀ ਗੁਰੂ-ਘਰਾਂ ਵਿੱਚ ਜਾ ਕੇ ਲੰਗਰ ਛਕਦੇ ਹਨ। ਸੇਵਾ-ਭਾਵ ਵਜੋਂ ਕਈ ਥਾਈਂ ਦੁਪਹਿਰ ਦੇ ਖਾਣੇ ਦਾ ਟਿਫ਼ਨ ਵੀ ਪੈਕ ਕਰਕੇ ਦਿੱਤਾ ਜਾਂਦਾ ਹੈ। ਇਨ੍ਹਾਂ ਪੰਜਾਬੀਆਂ ਨੇ ਗੁਰੂ ਸਾਹਿਬਾਨ ਦੇ ਮਿਸ਼ਨ `ਤੇ ਸਹੀ ਢੰਗ ਨਾਲ ਚੱਲ ਕੇ ਸਾਡਾ ਸਭ ਦਾ ਸਿਰ ਉੱਚਾ ਕੀਤਾ ਹੈ।
ਪੰਜਾਬੀਆਂ ਨੇ ਹਰੇਕ ਖੇਤਰ ਵਿੱਚ ਭਰਪੂਰ ਤਰੱਕੀ ਕੀਤੀ ਹੈ। ਸਾਡੀ ਕਮਿਊਨਿਟੀ ਬਹੁਤ ਚੜ੍ਹਦੀ ਕਲਾ ਵਿੱਚ ਹੈ। ਪਰ ਤੇਜ਼ੀ ਨਾਲ ਦੌੜ ਰਹੇ ਇਸ ਸ਼ਹਿਰ ਵਿੱਚ ਆਰਾਮ ਨਹੀਂ ਹੈ; ਬੇਚੈਨੀ ਹੈ। ਆਮ ਬੰਦਾ ਬੇਚੈਨ ਹੈ, ਕਿਉਂਕਿ ਉਸਨੇ ਆਪਣਾ ਕੰਮ-ਧੰਦਾ ਬਚਾ ਕੇ ਰੱਖਣਾ ਹੈ। ਜੇ ਉਸਦੀਆਂ ਦਿਹਾੜੀਆਂ ਨਹੀਂ ਲੱਗਣਗੀਆਂ ਤਾਂ ਉਹ ਚੰਗੀ ਰੋਟੀ ਨਹੀਂ ਖਾ ਸਕੇਗਾ। ਸਾਦੀ ਰੋਟੀ ਤਾਂ ਇੰਡੀਆ ਵੀ ਦੇਂਦਾ ਸੀ। ਆਮ ਬੰਦਾ ਪੜ੍ਹ-ਲਿਖ ਕੇ ਜਾਵੇ ਤਾਂ ਉਸਨੂੰ ਆਪਣੀ ਯੋਗਤਾ ਦੇ ਹਾਣ ਦਾ ਕੰਮ ਨਹੀਂ ਮਿਲਦਾ। ਕਿਸੇ ਨੂੰ ਲੀਗਲ ਮਾਈਗ੍ਰੈਂਟ ਹੋਣ ਦਾ ਫ਼ਿਕਰ ਹੈ, ਕੋਈ ਪਰਿਵਾਰ ਨੂੰ ਲਿਆਉਣਾ ਚਾਹੁੰਦਾ ਹੈ। ਘਰਾਂ ਦੀਆਂ ਕਿਸ਼ਤਾਂ ਤਾਰਨ ਦਾ ਵੀ ਵੱਡਾ ਬੋਝ ਹੈ। ਕਈ ਕਾਰਨਾਂ ਕਰਕੇ ਚੰਗੇ-ਭਲੇ ਚਲਦੇ ਬਿਜ਼ਨਸ ਦੇਖਦੇ-ਦੇਖਦੇ ਤਬਾਹ ਹੋ ਜਾਂਦੇ ਹਨ। ਹੱਸਦੇ-ਖੇਡਦੇ, ਪੁਸ਼ਤਾਂ ਤੋਂ ਵੱਡੇ ਘਰਾਂ ਵਿੱਚ ਵੱਸਦੇ ਤੇ ਅਮੀਰੀ ਭੋਗਦੇ ਲੋਕਾਂ ਦੇ ਮਨਾਂ ਅੰਦਰ ਵੱਖਰੇ ਸਹਿਮ ਹਨ, ਜਿਨ੍ਹਾਂ ਨੂੰ ਸਵੀਕਾਰ ਕਰਨਾ ਵੀ ਮੁਸ਼ਕਲ ਹੈ। ਇਸ ਡਰ ਨੂੰ ਮੰਨਣਾ ਉਸ ਫ਼ੈਸਲੇ ਦੀ ਹਾਰ ਹੈ, ਜਿਸ ਕਰਕੇ ਅਸੀਂ ਉੱਥੇ ਗਏ ਸੀ। ਉਨ੍ਹਾਂ ਨੂੰ ਔਲਾਦ ਦੇ ਬੇਕਾਬੂ ਹੋ ਜਾਣ ਦਾ ਫ਼ਿਕਰ ਹੈ। ਚਿੰਤਾ ਹੈ ਕਿ ਕੁੜੀ ਪਰਾਈ ਨਸਲ ਦਾ ਮੁੰਡਾ ਨਾ ਲੱਭ ਲਵੇ। ਪ੍ਰੇਸ਼ਾਨੀ ਹੈ ਕਿ ਮੁੰਡਾ ਗ਼ਲਤ ਰਾਹ `ਤੇ ਨਾ ਤੁਰ ਪਵੇ। ਸ਼ੱਕ ਹੈ ਕਿ ਬੀਵੀ/ਖਾਵੰਦ ਕਿਸੇ ਬਾਹਰਲੇ ਰੀਲੇਸ਼ਨਸ਼ਿਪ ਵਿੱਚ ਤਾਂ ਨਹੀਂ! ਇਹ ਸਾਰੇ ਫ਼ਿਕਰ ਹਿੰਦੁਸਤਾਨ ਵਿੱਚ ਵੀ ਹਨ, ਪਰ ਪੱਛਮ ਵਿੱਚ ਉਨ੍ਹਾਂ ਦੀ ਸ਼ਕਲ ਬਦਲ ਜਾਂਦੀ ਹੈ। ਦੋਹਾਂ ਥਾਵਾਂ `ਤੇ ਦੌੜ ਹੈ, ਪਰ ਭਾਰਤ ਵਿੱਚ ਜ਼ਿਆਦਾ ਦੌੜ ਆਪਣੇ ਆਪ ਨੂੰ ਅੱਗੇ ਲੈ ਜਾਣ ਦੀ ਹੈ, ਜਦੋਂ ਕਿ ਉੱਥੇ ਦੌੜ ਦੂਜੇ ਤੋਂ ਵੀ ਅੱਗੇ ਜਾਣ ਦੀ ਹੈ। ਗੱਡੀਆਂ, ਕਾਰਾਂ ਅਤੇ ਵਿਆਹਾਂ ਦੇ ਪੱਧਰ ਨੂੰ ਲਗਾਤਾਰ ਵਧਾਉਂਦੇ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਹੈ। ਦੇਸ ਵਿੱਚ ਅਸੀਂ ਸੰਭਲਣ ਲਈ ਸੰਘਰਸ਼ ਕਰਦੇ ਹਾਂ, ਪਰ ਠੇਡਾ ਲੱਗ ਜਾਂਦਾ ਹੈ। ਬਾਹਰ ਆਦਰਸ਼ ਭਾਲਣ ਜਾਂਦੇ ਹਾਂ ਅਤੇ ਫ਼੍ਰਸਟਰੇਸ਼ਨ ਵਿੱਚ ਖ਼ੁਦ ਟੱਕਰਾਂ ਮਾਰਨ ਲੱਗਦੇ ਹਾਂ। ਪਿੱਛੇ ਤਕਲੀਫ਼ ਸੀ ਕਿ ਸਾਡੇ ਕੋਲ ਸਾਧਨ ਨਹੀਂ ਸਨ। ਉੱਥੇ ਦੁੱਖ ਹੈ ਕਿ ਸਾਧਨ ਤਾਂ ਹਨ, ਪਰ ਅਸੀਂ ਸਹੀ ਤਰ੍ਹਾਂ ਵਰਤ ਨਹੀਂ ਸਕੇ। ਬਦਲਦੇ ਸਰਕਾਰੀ ਨੇਮਾਂ ਨੇ ਆਮ ਪਰਵਾਸੀ ਦੀਆਂ ਗੁੰਝਲਾਂ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਹੈ। ਦੂਜੇ ਪਾਸੇ ਕੁਝ ਲੋਕਾਂ ਨੇ ਪੰਜਾਬ ਤਾਂ ਛੱਡ ਦਿੱਤਾ ਪਰ ਹਉਮੈ, ਗੁੰਡਾਗਰਦੀ, ਹਵਸ, ਸਾੜਾ ਅਤੇ ਸਵਾਰਥ ਨਾਲ ਲੈ ਗਏ। ਇਸ ਨਾਲ ਸਾਊ ਲੋਕਾਂ ਦੀਆਂ ਪ੍ਰੇਸ਼ਨੀਆਂ ਵਿੱਚ ਵਾਧਾ ਹੋਇਆ ਹੈ ਅਤੇ ਪੰਜਾਬ ਦੇ ਬਿੰਬ ਨੂੰ ਸੱਟ ਵੱਜੀ ਹੈ। ਭਾਵੇਂ ਮਨੁੱਖੀ ਵਰਤਾਰਾ ਬੜਾ ਗੁੰਝਲਦਾਰ ਹੈ, ਪਰ ਕੁਝ ਕੁ ਗੁੰਝਲਾਂ ਬੰਦਾ ਆਪ ਹੀ ਖੋਲ੍ਹ ਸਕਦਾ ਹੈ।
