ਪੰਜਾਬ ਕਾਂਗਰਸ ਦੀ ਦੁਫੇੜ ਵਧੀ

ਸਿਆਸੀ ਹਲਚਲ ਖਬਰਾਂ

*ਬਹੁਗਿਣਤੀ ਆਗੂ ਲੀਡਰਸ਼ਿੱਪ ਬਦਲਣ ‘ਤੇ ਉਤਾਰੂ
*ਬਦਲਾਅ ਬਾਰੇ ਕੇਂਦਰ ਦੀ ਹਿਚਕਚਾਹਟ ਜਾਰੀ
ਜਸਵੀਰ ਸਿੰਘ ਮਾਂਗਟ
ਪੰਜਾਬ ਕਾਂਗਰਸ ਵਿਚਲਾ ਸੰਕਟ ਕਿਸੇ ਤਰ੍ਹਾਂ ਵੀ ਹੱਲ ਹੁੰਦਾ ਵਿਖਾਈ ਨਹੀਂ ਦੇ ਰਿਹਾ। ਚੰਨੀ ਧੜਾ ਜਮ੍ਹਾਂ (+) ਰਾਣਾ ਗੁਰਜੀਤ ਸਿੰਘ ਗਰੁੱਪ, ਕਾਂਗਰਸ ਕੇਡਰ ਦੀ ਬਹੁਗਿਣਤੀ ਵਿੱਚ ਭਾਰੂ ਹੈਸੀਅਤ ਰੱਖਦੇ ਹਨ, ਪਰ ਤਾਂ ਵੀ ਕਾਂਗਰਸ ਪਾਰਟੀ ਦੀ ਹਾਈਕਮਾਂਡ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਈ ਰੱਖਣ ‘ਤੇ ਅੜੀ ਹੋਈ ਹੈ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਹਾਲ ਹੀ ਵਿੱਚ ਜਾਰੀ ਕੀਤੇ ਗਏ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਚੋਣਾਂ ਦੌਰਾਨ ਮੁੱਖ ਮੰਤਰੀ ਦਾ ਚਿਹਰਾ ਕੋਈ ਪੰਜਾਬ ਦਾ ਆਗੂ ਨਹੀਂ ਹੋਏਗਾ।

ਇਸ ਦਾ ਫੈਸਲਾ ਚੋਣ ਨਤੀਜਿਆਂ ਤੋਂ ਬਾਅਦ ਕੀਤਾ ਜਾਵੇਗਾ। ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਦਾ ਮੁੱਖ ਚਿਹਰਾ ਹੋਣਗੇ। ਇਸ ਦੌਰਾਨ ਉਨ੍ਹਾਂ ਨੇ ਲੀਡਰਸ਼ਿੱਪ ਬਦਲੀ ਤੋਂ ਵੀ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਹੈ।
ਭੂਪੇਸ਼ ਬਘੇਲ ਨੇ ਵੜਿੰਗ ਵਿਰੋਧੀ ਕਾਂਗਰਸੀਆਂ ਨਾਲ ਰਾਣਾ ਗੁਰਜੀਤ ਸਿੰਘ ਦੀ ਚੰਡੀਗੜ੍ਹ ਵਿੱਚ ਮੌਜੂਦ ਰਿਹਾਇਸ਼ ‘ਤੇ ਇੱਕ ਲੰਘੇ ਸ਼ਨੀਵਾਰ ਇੱਕ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ 92 ਦੇ ਕਰੀਬ ਛੋਟੇ ਵੱਡੇ ਆਗੂ ਇਕੱਠੇ ਹੋਏ। ਸਾਬਕਾ ਮੁੱਖ ਮੰਤਰੀ ਅਤੇ ਹੁਣ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਇਸ ਗੁੱਟ ਨੇ ਕਿਹਾ ਕਿ ਉਹ ਰਾਜਾ ਵੜਿੰਗ ਦੀ ਅਗਵਾਈ ਵਿੱਚ ਕੰਮ ਨਹੀਂ ਕਰ ਸਕਦੇ, ਇਸ ਲਈ ਰਾਜ ਕਾਂਗਰਸ ਦੀ ਲੀਡਰਸ਼ਿੱਪ ਬਦਲੀ ਜਾਵੇ। ਇਹ ਰਾਏ ਵੀ ਸਾਹਮਣੇ ਆਈ ਕਿ ਹੋਰ ਭਾਵੇਂ ਕਿਸੇ ਨੂੰ ਵੀ ਪਾਰਟੀ ਪ੍ਰਧਾਨ ਬਣਾ ਦਿੱਤਾ ਜਾਵੇ, ਉਨ੍ਹਾਂ ਨੂੰ ਮਨਜ਼ੂਰ ਹੋਏਗਾ, ਪਰ ਰਾਜਾ ਵੜਿੰਗ ਨਹੀਂ। ਕਿਹਾ ਜਾ ਰਿਹਾ ਹੈ ਕਿ ਦੂਜੇ ਪਾਸੇ ਭੂਪੇਸ਼ ਬਘੇਲ ਵੀ ਆਪਣੀ ਗੱਲ ‘ਤੇ ਅੜੇ ਰਹੇ। ਉਨ੍ਹਾਂ ਵਾਰ ਵਾਰ ਇਹ ਫਿਕਰਾ ਦੁਹਰਾਇਆ, “ਇਹ ਗੁੱਡੇ-ਗੁੱਡੀ ਦੀ ਖੇਡ ਨਹੀਂ ਹੈ ਕਿ ਵਾਰ-ਵਾਰ ਲੀਡਰ ਬਦਲਦੇ ਰਹੋ।” ਵੜਿੰਗ ਵਿਰੋਧੀ ਆਗੂਆਂ ਦੀ ਬਘੇਲ ਨਾਲ ਇਸ ਮੀਟਿੰਗ ਦੀ ਤਸਵੀਰ ਨਾ ਤੇ ਭੂਪੇਸ਼ ਬਘੇਲ ਨੇ ਆਪਣੇ ਕਿਸੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਅਤੇ ਨਾ ਪੰਜਾਬ ਕਾਂਗਰਸ ਕਮੇਟੀ ਦੇ ਅਧਿਕਾਰਿਤ ਪੇਜ ਉੱਪਰ ਇਸ ਨੂੰ ਪਾਇਆ ਗਿਆ ਹੈ; ਜਦਕਿ ਇਸ ਤੋਂ ਪਹਿਲਾਂ ਅਜਿਹਾ ਆਮ ਤੌਰ ‘ਤੇ ਕੀਤਾ ਜਾਂਦਾ ਰਿਹਾ ਹੈ। ਇਸ ਮੀਟਿੰਗ ਬਾਰੇ ਪੰਜਾਬ ਕਾਂਗਰਸ ਦੇ ਇੰਚਾਰਜ ਜਾਂ ਕਿਸੇ ਸੀਨੀਅਰ ਲੀਡਰ ਵੱਲੋਂ ਵੀ ਕੁੱਝ ਨਹੀਂ ਕਿਹਾ ਗਿਆ। ਯਾਦ ਰਹੇ, ਇਸ ਤੋਂ ਇੱਕ ਦਿਨ ਪਹਿਲਾਂ ਭੂਪੇਸ਼ ਬਘੇਲ ਨੇ ਕਾਂਗਰਸ ਦੇ ਵੜਿੰਗ ਧੜੇ ਨਾਲ ਵੀ ਗੱਲਬਾਤ ਕੀਤੀ ਸੀ। ਇਸ ਮੀਟਿੰਗ ਦੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਛਪ ਗਈਆਂ ਹਨ। ਲਗਦਾ ਇੰਜ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਵੀ ਲੀਡਰਸ਼ਿੱਪ ਬਾਰੇ ਕਿਸੇ ਫੈਸਲੇ ਵਾਲੀ ਗੇਂਦ ਕਾਂਗਰਸ ਹਾਈਕਮਾਂਡ ਵੱਲ ਨੂੰ ਰੇੜ੍ਹਨ ਵਿੱਚ ਹੀ ਭਲਾ ਸਮਝਿਆ ਹੈ।
ਯਾਦ ਰਹੇ, ਇਹ ਮੀਟਿੰਗਾਂ ਕਾਂਗਰਸ ਹਾਈਕਮਾਨ ਦੇ ਉਸ ਫੈਸਲੇ ਤੋਂ ਬਾਅਦ ਹੋ ਰਹੀਆਂ ਹਨ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਲੀਡਰਸ਼ਿੱਪ ਨੂੰ ਕਾਇਮ ਰੱਖਿਆ ਸੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਲਗਾਇਆ ਸੀ। ਰਾਣਾ ਗੁਰਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ ਇਸ ਮੀਟਿੰਗ ਵਿੱਚ ਭਾਵੇਂ ਪੰਜਾਬ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਹਿੱਸਾ ਨਹੀਂ ਲਿਆ, ਪਰ ਇਸ ਮੌਕੇ ਪੰਜਾਬ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਸੰਗਤ ਸਿੰਘ ਗਿਲਜੀਆਂ, ਅਰੁਣਾ ਚੌਧਰੀ, ਓ.ਪੀ. ਸੋਨੀ, ਪ੍ਰਗਟ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਭਾਰਤ ਭੂਸ਼ਨ ਆਦਿ ਆਗੂਆਂ ਸਮੇਤ 92 ਕਾਂਗਰਸੀ ਆਗੂ ਮੌਜੂਦ ਸਨ। ਕਈ ਘੰਟੇ ਤੱਕ ਚੱਲੀ ਇਸ ਬੂਹਾ ਬੰਦ ਮੀਟਿੰਗ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਂਝ ਸੋਸ਼ਲ ਮੀਡੀਆ ‘ਤੇ ਲਿਖੀ ਇੱਕ ਪੋਸਟ ਵਿੱਚ ਏਨਾ ਜ਼ਰੂਰ ਕਿਹਾ ਕਿ, “ਵੇਖਦੇ ਹਾਂ ਹਵਾ ਕਿਸ ਪਾਸੇ ਵੱਲ ਵਗਦੀ ਹੈ।” ਕਿਹਾ ਜਾ ਰਿਹਾ ਹੈ ਕਿ ਵੜਿੰਗ ਵਿਰੋਧੀ ਆਗੂਆਂ ਦੀ ਭੂਪੇਸ਼ ਬਘੇਲ ਨਾਲ ਇਸ ਮੀਟਿੰਗ ਵਿੱਚ ਵਿਰੋਧੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਾ ਵੜਿੰਗ ਦੀ ਲੀਡਰਸਿੱLਪ ਵਿੱਚ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਨਹੀਂ ਜਿੱਤ ਸਕਦੇ।
ਉਧਰ ਪਾਰਟੀ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਇਹ ਕਹਿੰਦਿਆਂ ਇਸ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ ਕਿ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਲੀਡਰਸ਼ਿੱਪ ਵਿਰੋਧੀ ਆਗੂ ਆਪਣੀ ਗੱਲ ਆਜ਼ਾਦੀ ਨਾਲ ਰੱਖ ਸਕਣਗੇ। ਮੀਟਿੰਗ ਵਿੱਚ ਮੌਜੂਦ ਬਹੁਗਿਣਤੀ ਆਗੂਆਂ ਨੇ ਵੜਿੰਗ ਦੀ ਲੀਡਰਸਿੱLਪ ਨੂੰ ਬਦਲਣ ਦੀ ਮੰਗ ਕੀਤੀ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਕਿ ਉਹ ਖੁਦ ਪਾਰਟੀ ਪ੍ਰਧਾਨ ਨਹੀਂ ਬਣਨਾ ਚਾਹੁੰਦੇ, ਸਗੋਂ ਪਾਰਟੀ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਫਿਕਰਮੰਦ ਹਨ। ਯਾਦ ਰਹੇ, ਜਿਹੜੇ ਕੁਝ ਲੀਡਰ ਇੱਕ ਦਿਨ ਪਹਿਲਾਂ ਸ਼ਾਮ ਵੇਲੇ ਰਾਜਾ ਵੜਿੰਗ ਵੱਲੋਂ ਆਯੋਜਤ ਕੀਤੀ ਗਈ ਮੀਟਿੰਗ ਵਿੱਚ ਮੌਜੂਦ ਸਨ, ਉਹ ਵਿਰੋਧੀਆਂ ਵੱਲੋਂ ਆਯੋਜਤ ਕੀਤੀ ਗਈ ਇਸ ਮੀਟਿੰਗ ਵਿੱਚ ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਮੌਜੂਦ ਆਗੂਆਂ ਨੇ ਆਪਣਾ ਨਾਂ ਨਾ ਨਸ਼ਰ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਨੇ ਕਿਹਾ ਹੈ ਕਿ ਲੀਡਰਸ਼ਿੱਪ ਬਦਲਣ ਦਾ ਫੈਸਲਾ ਉਨ੍ਹਾਂ ਦੇ ਹੱਥ ਵਿੱਚ ਨਹੀਂ ਹੈ; ਪਰ ਉਹ ਵਿਰੋਧੀ ਆਗੂਆਂ ਦੀ ਰਾਏ ਨੂੰ ਪਾਰਟੀ ਹਾਈਕਮਾਂਡ ਤੱਕ ਪੁੱਜਦਾ ਜ਼ਰੂਰ ਕਰ ਦੇਣਗੇ। ਉਨ੍ਹਾਂ ਇਸ ਮੌਕੇ ਵਿਰੋਧੀ ਆਗੂਆਂ ਨੂੰ ਫਿਲਹਾਲ ਮੀਡੀਆ ਤੋਂ ਪ੍ਰਹੇਜ਼ ਕਰਨ ਲਈ ਵੀ ਕਿਹਾ।
ਮੀਡੀਆ ਦੇ ਇੱਕ ਸੁਆਲ ਦੇ ਜੁਆਬ ਵਿੱਚ ਭੂਪੇਸ਼ ਬਘੇਲ ਨੇ ਜਾਂਦੇ ਜਾਂਦੇ ਇਹ ਵੀ ਕਹਿ ਦਿੱਤਾ ਕਿ ਲੀਡਰਸ਼ਿੱਪ ਬਦਲਣ ਦੀ ਗੱਲ ਮੀਟਿੰਗ ਵਿੱਚ ਨਹੀਂ ਹੋਈ। ਉਨ੍ਹਾਂ ਕਿਹਾ, “ਮਂੈ ਸਾਰੇ ਲੀਡਰਾਂ ਨੂੰ ਮਿਲਿਆਂ ਹਾਂ ਅਤੇ ਉਨ੍ਹਾਂ ਦੀ ਰਾਏ ਅਤੇ ਵਿਚਾਰ ਸੁਣੇ ਹਨ। ਉਨ੍ਹਾਂ ਨੇ ਆਪਣੇ ਪੱਖ ਰੱਖੇ ਅਤੇ ਕੁਝ ਮਸਲੇ ਉਠਾਏ ਹਨ; ਪਰ ਹਾਈਕਮਾਂਡ ਦੇ ਫੈਸਲੇ ਨਾਲ ਸਾਰੇ ਸਹਿਮਤ ਹਨ।” ਪੰਜਾਬ ਕਾਂਗਰਸ ਦੇ ਇੰਚਾਰਜ ਨੇ ਇਸ ਦੌਰਾਨ ਕਿਹਾ ਕਿ ਹਰ ਇੱਕ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇਗਾ। ਕੋਈ ਵੀ ਇਸ ਕਰਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਕਿ ਉਸ ਦੀ ਪਹੁੰਚ ਵੱਡੇ ਲੀਡਰਾਂ ਤੱਕ ਨਹੀਂ ਹੈ। ਜਿਹੜਾ ਵੀ ਸੀਟ ਜਿੱਤਣ ਦੇ ਕਾਬਲ ਹੋਏਗਾ, ਉਸ ਨੂੰ ਲਾਜ਼ਮੀ ਟਿਕਟ ਮਿਲੇਗੀ। ਇਸੇ ਦੌਰਾਨ ਗੱਲਬਾਤ ਕਰਦਿਆਂ ਸੀਨੀਅਰ ਪਾਰਟੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੀਟਿੰਗ ਕਾਫੀ ਅਰਥ ਭਰਪੂਰ ਹੋਈ ਹੈ ਅਤੇ ਇਹ ਸਵੀਕਾਰਿਆ ਗਿਆ ਹੈ ਕਿ ਕਈ ਫੈਸਲੇ ਵਾਪਸ ਲਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਚਾਹੁੰਦੇ ਹਨ ਤਾਂ ਕਿ ਮਾੜੇ ਪ੍ਰਸ਼ਾਸਨ ਅਤੇ ਭ੍ਰਿਸ਼ਟਾਚਾਰ ਦਾ ਅੰਤ ਕੀਤਾ ਜਾ ਸਕੇ। ਉਨ੍ਹਾਂ ਕਿਹਾ, “ਸਾਨੂੰ ਉਸ ਲੀਡਰ ਦੀ ਲੋੜ ਹੈ ਜੋ ਨਿਰਭੈਅ ਅਤੇ ਫੈਸਲਾਕੁੰਨ ਹੋ ਕੇ ਬੋਲ ਸਕੇ, ਸਾਨੂੰ ਸਮਝੌਤਾ ਪ੍ਰਸਤ (ਕੰਪਰੋਮਾਈਜ਼ਡ) ਆਗੂ ਦੀ ਲੋੜ ਨਹੀਂ ਹੈ।”
ਤੇਜ਼ੀ ਨਾਲ ਬਦਲ ਰਹੀਆਂ ਸਥਿਤੀਆਂ ਵਿੱਚ ਪੰਜਾਬ ਦਾ ਰਾਜਨੀਤਿਕ ਪ੍ਰਵਚਨ ਜਿੰਨੀ ਤੇਜ਼ੀ ਨਾਲ ਅਤੇ ਜਿੰਨੇ ਡਰਾਮਈ ਢੰਗ ਨਾਲ ਬਦਲ ਰਿਹਾ ਹੈ, ਉਸ ਨੇ ਪੰਜਾਬ ਦੇ ਚੋਣ ਨਤੀਜਿਆਂ ਦੀਆਂ ਸੰਭਵ ਸਮਝੀਆਂ ਜਾ ਰਹੀਆਂ ਸੰਭਾਵਨਾਵਾਂ ਪਹਿਲਾਂ ਨਾਲੋਂ ਵੀ ਅਸਥਿਰ ਅਤੇ ਅਨਿਸ਼ਚਤ ਕਰ ਦਿੱਤੀਆਂ ਹਨ। ਜਸਵੰਤ ਸਿੰਘ ਖਾਲੜਾ ਅਤੇ ਲਾਵਾਰਸ ਲਾਸ਼ਾਂ ਦੇ ਇਤਿਹਾਸ ‘ਤੇ ਬਣੀ ਫਿਲਮ ‘ਸਤਲੁਜ’ ਅਤੇ ਇਸ ਦੇ ਪ੍ਰਦਰਸ਼ਨ ਲਈ ਲੋਕਾਂ ਵਿੱਚ ਬਣੀ ਆਪ ਮੁਹਾਰੀ ਲਹਿਰ ਨੇ ਲੋਕਾਂ ਦੇ ਵੋਟ ਬਿਹੇਵੀਅਰ ਦੇ ਮਾਮਲੇ ਵਿੱਚ ਬਹੁਤ ਕੁਝ ਬਦਲ ਦੇਣਾ ਹੈ। ਇਸ ਤੋਂ ਵੀ ਅੱਗੇ ਜੇ ਕਿਸੇ ਤਰ੍ਹਾਂ ਅਕਾਲੀ ਦਲ (ਵਾਰਸ ਪੰਜਾਬ) ਦੇ ਆਗੂ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਸੰਭਾਵਨਾ ਬਣ ਜਾਂਦੀ ਹੈ ਤਾਂ ਹਾਲਾਤ ਹੁਣ ਨਾਲੋਂ ਬਿਲਕੁੱਲ ਵੱਖਰੇ ਹੋ ਸਕਦੇ ਹਨ। ਅੰਮ੍ਰਿਤਪਾਲ ਦੀ ਅਣਹੋਂਦ ਵਿੱਚ ਕਾਂਗਰਸ ਅਤੇ ‘ਆਪ’ ਕੋਲ ਪੰਜਾਬ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਮੌਜੂਦ ਹਨ। ਉਸ ਦੇ ਬਾਹਰ ਆਉਣ ਨਾਲ ਭਾਜਪਾ ਨੂੰ ਵੋਟ ਫੀਸਦੀ ਦਾ ਫਾਇਦਾ ਤਾਂ ਹੋ ਸਕਦਾ ਹੈ, ਪਰ ਚੋਣ ਜਿੱਤਣ ਦੀ ਸੰਭਾਵਨਾ ਅੰਮ੍ਰਿਤਪਾਲ ਸਿੰਘ ਦੇ ਗਰੁੱਪ ਕੋਲ ਹੀ ਹੋਵੇਗੀ। ਤਰਨਤਾਰਨ ਦੀ ਜ਼ਿਮਨੀ ਚੋਣ ਵਾਂਗ ਇਹ ਜਿੱਤ ਹੂੰਝਾ-ਫੇਰੂ ਵੀ ਹੋ ਸਕਦੀ ਹੈ। ਇੱਥੋਂ ਤੱਕ ਕਿ ਜੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨਹੀਂ ਵੀ ਹੁੰਦੀ ਤਾਂ ਵੀ ਇਸ ਧੜੇ ਨੂੰ ਮੁਕਾਬਲੇ ਵਿੱਚੋਂ ਬਾਹਰ ਕਰਨਾ ਬਹੁਤ ਮੁਸ਼ਕਲ ਹੋਏਗਾ। ਬਸ਼ਰਤੇ ਕਿ ਪੰਜਾਬ ਵਿੱਚ ਚੱਲ ਰਹੀ ਵਿਸ਼ੇਸ਼ ਵੋਟਿੰਗ ਲਿਸਟ ਰਵੀਜ਼ਨ ਕਿਸੇ ਢੰਗ ਸਿਰ ਦੀ ਹੋਵੇ।

Leave a Reply

Your email address will not be published. Required fields are marked *