ਫਿਲਮ ‘ਸਤਲੁਜ’ ਨੇ ਪੰਜਾਬ ਦੇ ਪੁਰਾਣੇ ਜ਼ਖਮ ਹਰੇ ਕੀਤੇ

ਖਬਰਾਂ

*ਚੋਣਾਂ ਦੇ ਮਾਹੌਲ ਨੂੰ ਪ੍ਰਭਾਵਿਤ ਕਰ ਸਕਦੀ ਇਹ ਫਿਲਮ
*ਦਿਲਜੀਤ ਦੁਸਾਂਝ ਨੇ ਨਿਭਾਈ ਸ਼ਕਤੀਸ਼ਾਲੀ ਭੂਮਿਕਾ
ਪੰਜਾਬੀ ਪਰਵਾਜ਼ ਬਿਊਰੋ
ਗਾਇਕ/ਐਕਟਰ ਦਿਲਜੀਤ ਦੁਸਾਂਝ ਦੀ ਜਸਵੰਤ ਸਿੰਘ ਖਾਲੜਾ ਵੱਲੋਂ ਲਾਵਾਰਸ ਲਾਸ਼ਾਂ ਦੀ ਮਾਝੇ ਵਿੱਚ ਕੀਤੀ ਗਈ ਖੋਜ ਪੜਤਾਲ ਬਾਰੇ ਫਿਲਮ ‘ਸਤਲੁਜ’ ਇਨ੍ਹੀਂ ਦਿਨੀਂ ਬੇਹੱਦ ਚਰਚਾ ਵਿੱਚ ਹੈ। ਸ. ਖਾਲੜਾ ਨੂੰ ਪੁਲਿਸ ਵੱਲੋਂ ਲਾਪਤਾ ਕੀਤੇ ਜਾਣ ਦੇ ਆਧਾਰ ‘ਤੇ ਬਣਾਈ ਗਈ ਇਸ ਫਿਲਮ ਨੇ ਪੰਜਾਬ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਮੁੜ ਤੋਂ ਹਲਚਲ ਮਚਾ ਦਿੱਤੀ ਹੈ। ਇਹ ਫਿਲਮ ਭਾਰਤ ਵਿੱਚ ਓ.ਟੀ.ਟੀ. ਪਲੇਟਫਾਰਮ ਜੀ-5 ‘ਤੇ 3 ਜੁਲਾਈ ਨੂੰ ਅਚਨਚੇਤ ਰਿਲੀਜ਼ ਕੀਤੀ ਗਈ।

ਪਰ ਜਦੋਂ ਫਿਲਮ ਵੇਖਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਵੱਖੋ-ਵੱਖਰੀ ਕਿਸਮ ਦੇ ਪ੍ਰਤੀਕਰਮ ਆਉਣ ਲੱਗੇ ਤਾਂ ਦੋ ਦਿਨਾਂ (48 ਘੰਟੇ) ਦੇ ਅੰਦਰ ਹੀ ਫਿਲਮ ਜੀ-5 ਤੋਂ ਹਟਾ ਦਿੱਤੀ ਗਈ।
ਫਿਲਮ ‘ਸਤਲੁਜ’ ਨੂੰ ਹਟਾਉਣ ਵਿਰੁੱਧ ਸਿੱਖ ਨੌਜਵਾਨਾਂ ਅਤੇ 84ਵਿਆਂ ਵਾਲੀ ਹਿੰਸਾ ਤੋਂ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਤ ਰਹੇ ਲੋਕਾਂ ਵਿੱਚ ਰੋਸ ਅਤੇ ਮਾਯੂਸੀ ਹੈ। ਯਾਦ ਰਹੇ, ਫਿਲਮ ਦੇ ਪ੍ਰਦਰਸ਼ਨ ‘ਤੇ ਸਿਰਫ ਭਾਰਤ ਵਿੱਚ ਹੀ ਪਾਬੰਦੀ ਲਾਈ ਗਈ ਹੈ, ਜਦਕਿ ਦੂਜੇ ਦੇਸ਼ਾਂ ਵਿੱਚ ਇਸ ਫਿਲਮ ਨੂੰ ਓ.ਟੀ.ਟੀ. ਪਲੇਟਫਾਰਮ ‘ਤੇ ਵੇਖਿਆ ਜਾ ਸਕਦਾ ਹੈ। ਫਿਲਮ ਨੂੰ ਲੈ ਕੇ ਸਿਆਸੀ-ਸਮਾਜਿਕ ਖੇਤਰਾਂ ਵਿੱਚ ਅਲੱਗ-ਅਲੱਗ ਕਿਸਮ ਦੇ ਨੈਰੇਟਿਵ ਉਭਾਰੇ ਜਾ ਰਹੇ ਹਨ। ਅਕਾਲੀ ਦਲ (ਬਾਦਲ) ਸਮੇਤ ਤਕਰੀਬਨ ਸਾਰੀਆਂ ਸਿੱਖ ਜਥੇਬੰਦੀਆਂ ਇਸ ਫਿਲਮ ਦੇ ਰਿਲੀਜ਼ ਹੋਣ ‘ਤੇ ਸੰਤੁਸ਼ਟੀ ਪ੍ਰਗਟ ਕਰ ਰਹੀਆਂ ਹਨ ਅਤੇ ਜੀ-5 ਉੱਤੇ ਇਸ ਦਾ ਪ੍ਰਦਰਸ਼ਨ ਰੋਕਣ ਵਿਰੁਧ ਰੋਸ ਜ਼ਾਹਰ ਕਰ ਰਹੀਆਂ ਹਨ।
ਦੂਜੇ ਪਾਸੇ ਕੁਝ ਕੱਟੜ ਹਿੰਦੂਤਵੀ ਜਥੇਬੰਦੀਆਂ, ਮਨਿੰਦਰ ਸਿੰਘ ਬਿੱਟਾ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਸਮੇਤ ਕੁਝ ਹੋਰ ਧਿਰਾਂ ਅਜਿਹੀਆਂ ਹਨ ਜਿਹੜੀਆਂ ਇਸ ਫਿਲਮ ‘ਤੇ ਰੋਕ ਲਗਾਉਣ ਨੂੰ ਜਾਇਜ਼ ਠਹਿਰਾਅ ਰਹੀਆਂ ਹਨ। ਫਿਲਮ ਦਾ ਵਿਸ਼ਾ ਇਕਪਾਸੜ ਹੋਣ ਦੇ ਦੋਸ਼ ਵੀ ਲਗਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਖਾੜਕੂਵਾਦ ਦੌਰਾਨ ਮਾਰੇ ਗਏ ਹਿੰਦੂਆਂ ਦਾ ਜ਼ਿਕਰ ਨਹੀਂ ਹੈ। ਉਂਝ ਸੱਚਾਈ ਇਹ ਹੈ ਕਿ ਸ. ਖਾਲੜਾ ਤੇ ਉਸ ਦੇ ਸਾਥੀਆਂ ਵੱਲੋਂ ਮਾਝੇ ਦੀਆਂ ਤਿੰਨ ਸ਼ਮਸ਼ਾਨਘਾਟਾਂ ਵਿੱਚ ਲਾਵਾਰਸ ਕਹਿ ਕੇ ਫੂਕੇ ਗਏ 2297 ਲੋਕਾਂ ਵਿੱਚ 30 ਹਿੰਦੂ ਪਰਿਵਾਰਾਂ ਨਾਲ ਸੰਬੰਧਤ ਹਨ। ਉਂਝ ਵੀ ਫਿਲਮ ਕਿਸੇ ਕਿਸਮ ਦੇ ਫਿਰਕੂ ਪ੍ਰਵਚਨ ਨੂੰ ਨਹੀਂ ਉਭਾਰਦੀ। ਇਹ ਬਿਨਾ ਕਿਸੇ ਗੀਤ-ਸੰਗੀਤ ਅਤੇ ਮਨੋਰੰਜਨ ਦੇ ਬਣਾਈ ਗਈ ਬੇਹੱਦ ਗੰਭੀਰ ਇਤਿਹਾਸਕ ਫਿਲਮ ਹੈ। ਅੰਤਲੇ ਅੱਧੇ ਘੰਟੇ ਵਿੱਚ ਫਿਲਮ ਬੇਹੱਦ ਪ੍ਰਭਾਵਕੁੰਨ (ਇੰਟੈਂਸ) ਹੋ ਜਾਂਦੀ ਹੈ।
ਫਿਲਮ ‘ਸਤਲੁਜ’ ਤਿੰਨ ਸਾਲ ਪਹਿਲਾਂ ਬਣੀ ਸੀ। ਇਸ ਨੂੰ ਹਨੀ ਤ੍ਰੇਹਨ, ਰੋਨੀ ਸਕਰਿਊਵਾਲਾ ਅਤੇ ਅਸ਼ੋਕ ਚਾਉਬੇ ਨੇ ਸਾਂਝੇ ਤੌਰ ‘ਤੇ ਪ੍ਰੋਡਿਊਸ ਕੀਤਾ ਹੈ। ਫਿਲਮ ਦਾ ਸਕਰੀਨ ਪਲੇਅ ਰਾਈਟਰ ਅਤੇ ਡਾਇਰੈਕਟਰ ਵੀ ਹਨੀ ਤ੍ਰੇਹਨ ਆਪ ਹੀ ਹੈ। ਸਕਰੀਨ ਪਲੇਅ ਲੇਖਕ ਵਜੋਂ ਉਤਸਵ ਮਿੱਤਰਾ ਅਤੇ ਨਰਾਇਨ ਦੱਤ ਨੇ ਵੀ ਹਨੀ ਤ੍ਰੇਹਨ ਦਾ ਹੱਥ ਵਟਾਇਆ ਹੈ। ਫਿਲਮ ਵਿੱਚ ਮੁੱਖ ਭੂਮਿਕਾ (ਜਸਵੰਤ ਸਿੰਘ ਖਾਲੜਾ) ਪੰਜਾਬੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਨਿਭਾਈ ਹੈ। ਉਸ ਨੇ ਇਸ ਕਿਰਦਾਰ ਨੂੰ ਇੱਕ ਤਰ੍ਹਾਂ ਨਾਲ ਜੀਵਿਆ ਹੈ। ਇਸ ਤੋਂ ਇਲਾਵਾ ਅਰਜੁਨ ਰਾਮਪਾਲ, ਸੁਵਿੰਦਰ ਵਿੱਕੀ, ਕੰਵਲਜੀਤ ਸਿੰਘ, ਗੀਤਿਕਾ ਵਿਦਿਆ, ਵਰੁਣ ਬਦੋਲਾ, ਸੌਰਭ ਸਚਦੇਵਾ ਵੀ ਵੱਖੋ-ਵੱਖ ਭੂਮਿਕਾਵਾਂ ਵਿੱਚ ਬੇਹੱਦ ਜਚੇ ਹਨ। ਖਾਲੜਾ ਤੋਂ ਬਿਨਾ ਭਾਵੇਂ ਬਾਕੀ ਕਿਰਦਾਰਾਂ ਦੇ ਨਾਂ ਅਸਲੀ ਅਤੇ ਇਤਿਹਾਸਕ ਨਹੀਂ ਹਨ, ਪਰ ਇਨ੍ਹਾਂ ਦੀ ਝਲਕ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਕੇ.ਪੀ.ਐਸ. ਗਿੱਲ ਅਤੇ ਅਜੀਤ ਸਿੰਘ ਸੰਧੂ ਦਾ ਝਾਉਲਾ ਜ਼ਰੂਰ ਪਾਉਂਦੀ ਹੈ।
ਫਿਲਮ ਨੂੰ ਤਿੰਨ ਜੁਲਾਈ ਨੂੰ ਰਿਲੀਜ਼ ਹੋ ਜਾਣ ਤੋਂ ਬਾਅਦ ਜਲਦੀ ਬੰਦ ਕਰ ਦਿੱਤੇ ਜਾਣ ‘ਤੇ ਭਾਵੇਂ ਇਸ ਦੇ ਬਾਕੀ ਐਕਟਰ ਅਤੇ ਪ੍ਰੋਡਿਊਸਰ ਦੁਖੀ ਨਜ਼ਰ ਆਏ, ਪਰ ਮੁੱਖ ਅਦਾਕਾਰ ਦਿਲਜੀਤ ਸਿੰਘ ਦੁਸਾਂਝ ਨੇ ਇਸ ਵਰਤਾਰੇ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਫਿਲਮ ਨੂੰ ਰਿਲੀਜ਼ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਡਾਊਨਲੋਡ ਕਰ ਲਿਆ ਅਤੇ ਪਿੱਛੋਂ ਵੱਡੀ ਪੱਧਰ ‘ਤੇ ਲੋਕਾਂ ਵੱਲੋਂ ਇੱਕ-ਦੂਜੇ ਨੂੰ ਭੇਜੀ ਗਈ ਹੈ। ਦਿਲਜੀਤ ਨੇ ਇਕ ਵੀਡੀਓ ਵਿੱਚ ਬੋਲਦਿਆਂ ਕਿਹਾ, “ਮੈਨੂੰ ਖੁਸ਼ੀ ਹੈ ਕਿ ਇਹ ਫਿਲਮ ਹੁਣ ਘਰ-ਘਰ ਪਹੁੰਚ ਗਈ ਹੈ।” ਉਨ੍ਹਾਂ ਕਿਹਾ ਕਿ ਪ੍ਰੋਡਿਊਸਰਾਂ ਅਤੇ ਡਾਇਰੈਕਟਰ ਸਮੇਤ ਫਿਲਮ ਦੇ ਸਾਰੇ ਕਿਰਦਾਰਾਂ ਨੇ ਇਸ ਵਿੱਚ ਬੇਹੱਦ ਸਖਤ ਮਿਹਨਤ ਕੀਤੀ ਹੈ। ਇਸ ਦਾ ਲੋਕਾਂ ਕੋਲ ਪਹੁੰਚਣਾ ਬਹੁਤ ਜ਼ਰੂਰੀ ਸੀ। ਇਸ ਤੋਂ ਇਲਾਵਾ ਇਹ ਫਿਲਮ ਪਿੰਡਾਂ ਦੀਆਂ ਸਾਂਝੀਆਂ ਥਾਵਾਂ, ਸੱਥਾਂ ਅਤੇ ਗੁਰਦੁਆਰਿਆਂ ਵਿੱਚ ਸਮੂਹਿਕ ਤੌਰ ‘ਤੇ ਪ੍ਰਦਰਸ਼ਤ ਕੀਤੀ ਜਾ ਰਹੀ ਹੈ, ਪਰ ਗੁਰਦੁਆਰਿਆਂ ਵਿੱਚ ਇਹ ਫਿਲਮ ਦਿਖਾਏ ਜਾਣ ਨੂੰ ਲੈ ਕੇ ਇੱਕ ਤਰ੍ਹਾਂ ਇਤਰਾਜ਼ ਵੀ ਉਠੇ ਹਨ; ਕਿਉਂਕਿ ਫਿਲਮ ਵਿੱਚ ਸ਼ਰਾਬ ਦਾ ਸੇਵਨ ਦਿਖਾਇਆ ਗਿਆ ਤੇ ਕਈ ਥਾਈਂ ਸੰਵਾਦਾਂ ਵਿੱਚ ਗਾਲ੍ਹਾਂ ਹਨ।
ਉਸ ਵਕਤ ਜਦੋਂ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਥੋੜ੍ਹਾ ਜਿਹਾ ਸਮਾਂ ਰਹਿ ਗਿਆ ਹੈ ਤਾਂ ਇਸ ਫਿਲਮ ਦਾ ਪ੍ਰਦਰਸ਼ਨ ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਉਸਾਰੇ ਜਾ ਰਹੇ ਰਾਜਨੀਤਿਕ ਪ੍ਰਵਚਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਭਾਵੇਂ ਫਿਲਮ ਦਾ ਪ੍ਰਦਰਸ਼ਨ ਰੋਕਣ ਦਾ ਫਰਮਾਨ ਜਾਰੀ ਕਰ ਦਿੱਤਾ, ਪਰ ਇਸ ਦੇ ਵਿਸ਼ੇ-ਵਸਤੂ ਬਾਰੇ ਕੁਝ ਨਹੀਂ ਕਿਹਾ। ਕੁਝ ਕੁ ਬੜਬੋਲੇ ਆਗੂਆਂ ਤੋਂ ਬਿਨਾ ਰਾਜਨੀਤਿਕ ਆਗੂ ਇਸ ਮਸਲੇ ‘ਤੇ ਖਾਮੋਸ਼ ਰਹਿਣਾ ਹੀ ਬਿਹਤਰ ਸਮਝ ਰਹੇ ਹਨ। ਮਨਿੰਦਰ ਸਿੰਘ ਬਿੱਟਾ ਅਤੇ ਰਵਨੀਤ ਸਿੰਘ ਬਿੱਟੂ ਨੇ ਫਿਲਮ ਵਿਰੁਧ ਆਪਣੀ ਰਾਏ ਮੀਡੀਏ ਵਿੱਚ ਰੱਖੀ ਹੈ। ਇਸ ਤੋਂ ਇਲਾਵਾ ਪ੍ਰਗਟ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਨੇ ਫਿਲਮ ਦੇ ਪ੍ਰਦਰਸ਼ਨ ‘ਤੇ ਪਾਬੰਦੀ ਲਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਦੀ ਨਿਖੇਧੀ ਕੀਤੀ ਹੈ। ਉੱਘੇ ਪੱਤਰਕਾਰ ਰਵੀਸ਼ ਕੁਮਾਰ ਨੇ ਆਪਣੀ ਇੱਕ ਵੀਡੀਓ ਵਿੱਚ ਇਸ ਫਿਲਮ ਦੇ ਪ੍ਰਦਰਸ਼ਨ ਪਿੱਛੇ ਭਾਜਪਾ ਦਾ ਕੁਨੈਕਸ਼ਨ ਵੇਖਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਅਨੁਸਾਰ ‘ਕਸ਼ਮੀਰ ਫਾਈਲਜ਼’, ‘ਗੁਜਰਾਤ ਫਾਈਲਜ਼’ ਅਤੇ ‘ਕੇਰਲਾ ਸਟੋਰੀ’ ਜਿਹੀਆਂ ਫਿਲਮਾਂ ਵਾਂਗ ਹੀ ਇਸ ਫਿਲਮ ਨੂੰ ਵੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਨਾ ਕਿਸੇ ਕੱਟ ਦੇ ਰਿਲੀਜ਼ ਕੀਤਾ ਗਿਆ ਹੈ। (ਯਾਦ ਰਹੇ ਕੇਂਦਰੀ ਫਿਲਮ ਸੈਂਸਰ ਬੋਰਡ ਨੇ ਇਸ ਉੱਤੇ 120 ਕੱਟ ਲਗਾਏ ਸਨ)
ਰਵੀਸ਼ ਕੁਮਾਰ ਆਪਣੀ ਵੀਡੀਓ ਵਿੱਚ ਦਲੀਲ ਦਿੰਦੇ ਹਨ ਕਿ ਇਸ ਫਿਲਮ ਦੇ ਪ੍ਰਦਰਸ਼ਨ ਨਾਲ ਪੰਜਾਬ ਦੇ ਵੋਟਰਾਂ ਵਿੱਚ ਧਰੁਵੀਕਰਨ ਵਾਪਰੇਗਾ। ਸਿੱਖ ਵੋਟਰਾਂ ਦਾ ਵੱਡਾ ਹਿੱਸਾ ਅੰਮ੍ਰਿਤਪਾਲ ਸਿੰਘ ਵੱਲ ਜਾਏਗਾ, ਜਦਕਿ ਇਸ ਫਿਲਮ ਦੇ ਪ੍ਰਤੀਕਰਮ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਅਤੇ ਹੋਰ ਗੈਰ-ਸਿੱਖ ਵੋਟਰ ਭਾਜਪਾ ਵੱਲ ਭੁਗਤ ਸਕਦੇ ਹਨ। ਅਗਲੀਆਂ ਚੋਣਾਂ ਵਿੱਚ ਸੱਤਾ ਹਾਸਲ ਕਰਨ ਦੀ ਆਸ ਪਾਲ਼ ਰਹੀ ਕਾਂਗਰਸ ਪਾਰਟੀ ਅਤੇ ‘ਆਪ’ ਨੂੰ ਇਸ ਸਾਰੇ ਮਾਹੌਲ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ; ਜਦਕਿ ਭਾਜਪਾ ਆਪਣੀ ਰਾਜਨੀਤਿਕ ਖੇਡ ਵਿੱਚ ਕਾਮਯਾਬ ਹੋ ਸਕਦੀ ਹੈ। ਪਰ ਇਸ ਵਿਸ਼ਲੇਸ਼ਣ ਦੀ ਸੀਮਤਾਈ ਇਹ ਹੈ ਕਿ ਜੇ ਭਾਜਪਾ ਫਿਲਮ ਤੋਂ ਲਾਹਾ ਲੈਣਾ ਚਾਹੁੰਦੀ ਹੈ ਤਾਂ ਇਸ ਨੂੰ ਬੈਨ ਕਿਉਂ ਕੀਤਾ ਗਿਆ ਹੈ? ਉਂਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਅਫਰੀਕਾ ਦੀ ਤਰਜ਼ ‘ਤੇ ‘ਟਰੁੱਥ ਐਂਡ ਰੀਕਾਂਨਸੀਲੇਸ਼ਨ ਕਮਿਸ਼ਨ’ ਬਣਾ ਕੇ ਮਾਮਲੇ ਨੂੰ ਸਦਾ ਲਈ ਨਬੇੜਨ ਦੀ ਗੱਲ ਵੀ ਕੀਤੀ ਹੈ।
ਯਾਦ ਰਹੇ, ਸ. ਜਸਵੰਤ ਸਿੰਘ ਖਾਲੜਾ ਦੀ ਗੁੰਮਸ਼ੁਦਗੀ, ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ 31 ਅਗਸਤ 1995 ਨੂੰ ਆਤਮਘਾਤੀ ਬੰਬ ਧਮਾਕੇ ਵਿੱਚ ਹੋਈ ਮੌਤ ਤੋਂ ਬਾਅਦ 6 ਸਤੰਬਰ ਨੂੰ ਵਾਪਰੀ ਸੀ। ਸਵੇਰੇ ਸਵਾ ਕੁ ਨੌਂ ਵਜੇ ਸਿਵਲ ਵਰਦੀ ਵਿੱਚ ਆਏ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਬੀਰ ਪਾਰਕ, ਅੰਮ੍ਰਿਤਸਰ ਵਿਖੇ ਮੌਜੂਦ ਉਨ੍ਹਾਂ ਦੇ ਘਰੋਂ ਅਗਵਾ ਕਰ ਲਿਆ ਸੀ। ਉਨ੍ਹਾਂ ਦੇ ਸਾਥੀਆਂ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਾਅਦ ਵਿੱਚ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਸੀ ਮਿਲੀ। ਭਾਵੇਂ ਕਿ ਇਹ ਅੰਦਾਜ਼ੇ ਲਗਾ ਲਏ ਗਏ ਸਨ ਕਿ ਉਨ੍ਹਾਂ ਨੂੰ ਤਰਨਤਾਰਨ ਪੁਲਿਸ ਨੇ ਅਗਵਾ ਕੀਤਾ ਹੈ। ਬਾਅਦ ਵਿੱਚ ਹੋਈ ਸੀ.ਬੀ.ਆਈ. ਜਾਂਚ ਤੋਂ ਇਹ ਸਾਹਮਣੇ ਆ ਗਿਆ ਸੀ ਕਿ ਤਰਨਤਾਰਨ ਦੇ ਐਸ.ਐਸ.ਪੀ. ਅਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਡੀ.ਐਸ.ਪੀ. ਜਸਪਾਲ ਸਿੰਘ ਅਤੇ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਸ. ਖਾਲੜਾ ਨੂੰ ਅਗਵਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਖਾਲੜਾ ਨੇ ਆਪਣੇ ਇੱਕ ਦੋਸਤ ਪਿਆਰਾ ਸਿੰਘ ਦੇ ਲਾਪਤਾ ਹੋ ਜਾਣ ਤੋਂ ਬਾਅਦ ਉਸ ਦੀ ਤਾਲਾਸ਼ ਕਰਦਿਆਂ ਪੁਲਿਸ ਵੱਲੋਂ ਕਤਲ ਕੀਤੇ ਗਏ ਲੋਕਾਂ ਦੀਆਂ ਲਾਵਾਰਸ ਆਖ ਕੇ ਖਪਾ ਦਿੱਤੀਆਂ ਗਈਆਂ ਲਾਸ਼ਾਂ ਦੇ ਖੁਰਾ ਖੋਜ ਦੀ ਪੈੜ ਨੱਪ ਲਈ ਸੀ। ਉਨ੍ਹਾਂ ਨੇ ਤਰਨਤਾਰਨ, ਪੱਟੀ ਅਤੇ ਅੰਮ੍ਰਿਤਸਰ ਦੀਆਂ ਤਿੰਨ ਸ਼ਮਸ਼ਾਨਘਾਟਾਂ ਵਿੱਚ 2297 ਲੋਕਾਂ ਦੀਆਂ ਲਾਸ਼ਾਂ ਦੇ ਨਾਂ ਪਤੇ ਲੱਭ ਲਏ ਸਨ, ਜਿਨ੍ਹਾਂ ਨੂੰ ਲਾਵਾਰਿਸ ਕਹਿ ਕੇ ਜਲਾ ਦਿੱਤਾ ਗਿਆ ਸੀ। (ਬਾਅਦ ਵਿੱਚ ਇਹ ਗਿਣਤੀ 6 ਹਜ਼ਾਰ ਹੋ ਗਈ ਸੀ) ਉਨ੍ਹਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਇਸ ਘੋਰ ਉਲੰਘਣਾ ਦੇ ਖੁਲਾਸੇ ਬਾਰੇ ਕੈਨੇਡਾ ਅਤੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਵੀ ਚਰਚਾ ਹੋਈ ਸੀ। ਇਸ ਮਸਲੇ ਨੂੰ ਲੈ ਕੇ ਸ. ਖਾਲੜਾ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਭਾਸ਼ਨ ਵੀ ਦਿੱਤਾ ਸੀ।
ਬਾਅਦ ਵਿੱਚ ਸਾਹਮਣੇ ਆਈਆਂ ਸੂਚਨਾਵਾਂ ਅਨੁਸਾਰ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਨ ਤੋਂ ਬਾਅਦ ਮਾਝੇ ਦੇ ਝਬਾਲ, ਭੀਖੀਵਿੰਡ ਅਤੇ ਸਰਹਾਲੀ ਸਮੇਤ ਵੱਖ-ਵੱਖ ਥਾਣਿਆਂ ਵਿੱਚ ਰੱਖਿਆ ਗਿਆ ਸੀ। ਅੰਤ ਗੋਲੀ ਮਾਰ ਕੇ ਹਰੀ ਕੇ ਪੱਤਣ ਵਿਖੇ ਸਤਲੁਜ ਵਿੱਚ ਵਹਾ ਦਿੱਤਾ ਗਿਆ ਸੀ। ਉਨ੍ਹਾਂ ਦੀ ਲੁਕੇਸ਼ਨ ਲਗਾਤਾਰ ਬਦਲੀ ਜਾਂਦੀ ਰਹੀ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਵੱਲੋਂ ਜਸਟਿਸ ਕੁਲਦੀਪ ਸਿੰਘ ਨੂੰ ਭੇਜੀ ਕਈ ਟੈਲੀਗਰਾਮ ਨੂੰ ਉਨ੍ਹਾਂ ਹੈਬੀਅਸ ਕੌਰਪਸ ਪਟੀਸ਼ਨ ਵਿੱਚ ਬਦਲ ਕੇ ਭਾਲ ਸ਼ੁਰੂ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ ਹੀ ਬਾਅਦ ਵਿੱਚ ਇਸ ਕੇਸ ਦੀ ਪੜਤਾਲ ਸੀ.ਬੀ.ਆਈ. ਦੇ ਸਪੁਰਦ ਕਰ ਦਿੱਤੀ ਸੀ।
ਭਾਵੇਂ ਕਿ ਅੰਮ੍ਰਿਤਸਰ ਅਤੇ ਤਰਨਤਾਰਨ ਪੁਲਿਸ ਨੇ ਸ. ਖਾਲੜਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ/ਅਗਵਾ ਕੀਤੇ ਜਾਣ ਸੰਬੰਧੀ ਐਫ.ਆਈ.ਆਰ. ਲਿਖਣ ਤੋਂ ਵੀ ਕਈ ਦੇਰ ਤੱਕ ਇਨਕਾਰ ਕਰੀ ਰੱਖਿਆ। ਦੋਨੋ ਜ਼ਿਲਿ੍ਹਆਂ ਦੀ ਪੁਲਿਸ ਸ. ਖਾਲੜਾ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਨਾ ਸਿਰਫ ਮੁੱਕਰ ਗਈ ਸੀ, ਸਗੋਂ ਪੁਲਿਸ ਵੱਲੋਂ ਖਾੜਕੂਆਂ ‘ਤੇ ਉਨ੍ਹਾਂ ਨੂੰ ਅਗਵਾ ਕਰਨ ਦਾ ਦੋਸ਼ ਲਗਾ ਕੇ ਆਪਣਾ ਬਚਾਅ ਕਰਨ ਦਾ ਯਤਨ ਕੀਤਾ ਗਿਆ।

Leave a Reply

Your email address will not be published. Required fields are marked *