ਅਸ਼ਵਨੀ ਚਤਰਥ, ਬਟਾਲਾ
ਫੋਨ: +91-6284220595
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਅਤੇ ਰੂਸ ਨੇ ਆਪਣੇ-ਆਪਣੇ ਮਿਜ਼ਾਇਲ ਪ੍ਰੋਗਰਾਮਾਂ ਤੇ ਪੁਲਾੜ ਵਿਗਿਆਨ ਦੀਆਂ ਖੋਜਾਂ ਵਿੱਚ ਅਚਾਨਕ ਤੇਜ਼ੀ ਲਿਆਂਦੀ ਸੀ। 4 ਅਕਤੂਬਰ 1957 ਨੂੰ ਰੂਸ ਨੇ ਆਪਣਾ ਪਹਿਲਾ ਬਣਾਉਟੀ ਉਪਗ੍ਰਹਿ ‘ਸਪੁਤਨਿਕ–1’ ਪੁਲਾੜ ਵਿੱਚ ਭੇਜਿਆ ਸੀ; ਪਰ ਪੁਲਾੜ ਖੋਜ ਖੇਤਰ ਵਿੱਚ 12 ਅਪ੍ਰੈਲ 1961 ਦਾ ਦਿਨ ਇੱਕ ਇਤਿਹਾਸਕ ਦਿਨ ਸੀ, ਜਦੋਂ ਯੂਰੀ ਗਾਗਰਿਨ ਨਾਂ ਦੇ ਰੂਸੀ ਪੁਲਾੜ ਵਿਗਿਆਨੀ ਨੇ ਜ਼ਮੀਨ ਤੋਂ 327 ਕਿਲੋਮੀਟਰ ਉੱਚੇ ਪੁਲਾੜ ਵਿੱਚ ਧਰਤੀ ਦੇ ਦੁਆਲੇ ਚੱਕਰ ਲਾਉਣ ਦਾ ਪਹਿਲੀ ਵਾਰ ਅਨੁਭਵ ਕੀਤਾ ਸੀ।
ਇਸ ਤੋਂ ਬਾਅਦ ਤਾਂ ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਪੁਲਾੜ ਯਾਨਾਂ ਨੂੁੰ ਖ਼ਲਾਅ ਵਿੱਚ ਭੇਜਣ ਦੀ ਹੋੜ ਲੱਗ ਗਈ ਸੀ। ਮੌਜੂਦਾ ਸਮੇਂ ਵਿੱਚ ਵੱਖ ਵੱਖ ਦੇਸ਼ਾਂ ਦੀਆਂ 77 ਪੁਲਾੜ ਏਜੰਸੀਆਂ ਹਨ, ਜਿਨ੍ਹਾਂ ਕੋਲ ਉਪਗ੍ਰਹਿ ਭੇਜਣ ਦੀ ਆਧੁਨਿਕ ਤਕਨੀਕ ਉਪਲਬੱਧ ਹੈ। ਅੱਜ ਪੁਲਾੜ ਵਿੱਚ ਇਨ੍ਹਾਂ ਏਜੰਸੀਆਂ ਦੇ ਪੁਲਾੜ ਯਾਨ, ਪੁਲਾੜ ਸਟੇਸ਼ਨ ਅਤੇ ਪੁਲਾੜੀ ਦੂਰਬੀਨਾਂ ਖ਼ਲਾਅ ਵਿੱਚ ਇਵੇਂ ਚੱਕਰ ਲਗਾ ਰਹੇ ਹਨ, ਜਿਵੇਂ ਕਿਸੇ ਭੀੜ-ਭੜੱਕੇ ਵਾਲੇ ਸ਼ਹਿਰ ਦੇ ਵਿਅਸਤ ਬਾਜ਼ਾਰ ਵਿੱਚ ਸਕੂਟਰ-ਕਾਰਾਂ ਘੁੰਮਦੀਆਂ ਹੋਣ।
ਭਾਰਤ ਵਿੱਚ ਪੁਲਾੜ ਪ੍ਰੋਗਰਾਮਾਂ ਦੀ ਸ਼ੁਰੁੂਆਤ 15 ਅਗਸਤ 1969 ਨੂੰ ‘ਇਸਰੋ’ ਦੀ ਸਥਾਪਨਾ ਨਾਲ ਹੋਈ ਸੀ। ਇਸਰੋ ਵੱਲੋਂ ਤਿਆਰ ਕੀਤਾ ਗਿਆ ਉਪਗ੍ਰਹਿ ਆਰਿਆਭੱਟ 19 ਅਪ੍ਰੈਲ 1975 ਨੂੰ ਰੂਸ ਦੀ ਧਰਤੀ ਤੋਂ ਛੱਡਿਆ ਗਿਆ ਸੀ। ‘ਰੋਹਿਨੀ’ ਨਾਂ ਦਾ ਭਾਰਤੀ ਪੁਲਾੜਯਾਨ ਪਹਿਲੀ ਵਾਰ 18 ਜੁਲਾਈ 1980 ਨੂੰ ਇਸਰੋ ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤੇ ਗਏ ਐੱਸ.ਐੱਲ.ਵੀ–3 ਨਾਂ ਦੇ ਰਾਕੇਟ ਦੁਆਰਾ ਖ਼ਲਾਅ ਵਿੱਚ ਦਾਗਿਆ ਗਿਆ ਸੀ। ਅੱਜ ਦੀ ਤਾਰੀਖ ਵਿੱਚ ਭਾਰਤ ਦਾ ਪੁਲਾੜ ਉਦਯੋਗ 70 ਹਜ਼ਾਰ ਕਰੋੜ ਦੇ ਖ਼ਰਚੇ ਨਾਲ ਵੱਡੇ ਪੈਮਾਨੇ `ਤੇ ਫੈਲ ਚੁੱਕਾ ਹੈ। 500 ਦੇ ਕਰੀਬ ਕੰਪਨੀਆਂ ਇਸ ਨਾਲ ਜੁੜੀਆਂ ਹਨ ਅਤੇ 45000 ਦੇ ਕਰੀਬ ਕਰਮਚਾਰੀ ਇਸ ਉਦਯੋਗ ਵਿੱਚ ਕੰਮ ਕਰਦੇ ਹਨ।
ਇਸਰੋ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇੱਕਲੇ ਭਾਰਤ ਦੇ ਹੀ 125 ਦੇ ਕਰੀਬ ਉਪਗ੍ਰਹਿ ਪੁਲਾੜ ਵਿੱਚ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਸਰਕਾਰੀ, ਪ੍ਰਾਈਵੇਟ ਅਤੇ ਵਿਦਿਅਕ ਅਦਾਰਿਆਂ ਦੇ ਉਪਗ੍ਰਹਿ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਕੁਝ ਤਾਂ ਹਾਲੇ ਵੀ ਕੰਮ ਕਰ ਰਹੇ ਹਨ ਅਤੇ ਬਾਕੀ ਬੇਕਾਰ ਹੋ ਕੇ ਕਚਰੇ ਦੇ ਰੂਪ ਵਿੱਚ ਪੁਲਾੜ ਵਿੱਚ ਘੁੰਮ ਰਹੇ ਹਨ। ਵੱਖ-ਵੱਖ ਦੇਸ਼ਾਂ ਵੱਲੋਂ ਪੁਲਾੜ ਵਿੱਚ ਭੇਜੇ ਜਾਂਦੇ ਬਣਾਉਟੀ ਉਪਗ੍ਰਹਿ ਅਤੇ ਹੋਰ ਪੁਲਾੜੀ ਵਾਹਨ ਜਾਂ ਤਾਂ ਸਫਲ ਹੋ ਕੇ ਕੰਮ ਕਰਦੇ ਰਹਿੰਦੇ ਹਨ ਜਾਂ ਫਿਰ ਅਸਫਲ ਹੋ ਕੇ ਬੇਕਾਰ ਹੋ ਜਾਂਦੇ ਹਨ ਜਾਂ ਦੁਰਘਟਨਾ ਗ੍ਰਸਤ ਹੋ ਕੇ ਟੁੱਟ-ਭੱਜ ਜਾਂਦੇ ਹਨ। ਖਲਾਅ ਵਿੱਚ ਘੁੰਮ ਰਹੇ ਬੇਕਾਰ ਪੁਲਾੜ ਵਾਹਨਾਂ ਅਤੇ ਉਨ੍ਹਾਂ ਦੇ ਟੁੱਟੇ-ਭੱਜੇ ਹਿੱਸਿਆਂ ਨੂੰ ‘ਪੁਲਾੜੀ ਕਚਰਾ’ ਕਹਿੰਦੇ ਹਨ। ਇਹ ਕਚਰਾ ਆਮ ਤੌਰ `ਤੇ ਧਰਤੀ ਦੇ ਖਿੱਚ ਬਲ ਤੋਂ ਦੂਰ ਹੋਣ ਕਾਰਨ ਪੁਲਾੜ ਵਿੱਚ ਹੀ ਚੱਕਰ ਲਗਾਉਂਦਾ ਰਹਿੰਦਾ ਹੈ।
ਸੰਸਾਰ ਦੇ ਵੱਖ-ਵੱਖ ਦੇਸ਼ਾਂ ਵੱਲੋਂ ਜੋ ਨਵੇਂ ਪੁਲਾੜਯਾਨ ਖਲਾਅ ਵਿੱਚ ਭੇਜੇ ਜਾਂਦੇ ਹਨ, ਉਨ੍ਹਾਂ ਲਈ ਇਸ ਪੁਲਾੜ ਕਚਰੇ ਨਾਲ ਟਕਰਾਉਣ ਦਾ ਖ਼ਤਰਾ ਹਮੇਸ਼ਾ ਲਈ ਬਣਿਆ ਰਹਿੰਦਾ ਹੈ। ਪੁਲਾੜੀ ਕੂੜਾ ਆਮ ਤੌਰ `ਤੇ ਧਰਤੀ ਤੋਂ ਉੱਪਰ 300 ਕਿਲੋਮੀਟਰ ਤੋਂ ਲੈ ਕੇ 36,000 ਕਿਲੋਮੀਟਰ ਤੱਕ ਫੈਲਿਆ ਹੋ ਸਕਦਾ ਹੈ, ਪਰ ਇਸ ਦੀ ਜ਼ਿਆਦਾ ਮਾਤਰਾ ਧਰਤੀ ਤੋਂ 2000 ਕਿਲੋਮੀਟਰ ਉਚਾਈ ਤੱਕ ਹੀ ਸੀਮਤ ਹੁੰਦੀ ਹੈ। ਧਰਤੀ ਉਤੇ ਵੱਸਦੇ ਲੋਕਾਂ ਲਈ ਵੀ ਇਸ ਕੂੜੇ ਦਾ ਖਤਰਾ ਬਣਿਆ ਰਹਿੰਦਾ ਹੈ। ਵਿਗਿਆਨੀਆਂ ਅਨੁਸਾਰ ਪੁਲਾੜ ਤੋਂ ਰੋਜ਼ਾਨਾ ਔਸਤਨ ਇੱਕ ਵਸਤੂ ਧਰਤੀ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਡਿੱਗਦੀ ਰਹਿੰਦੀ ਹੈ।
ਗੱਲ ਜੁਲਾਈ 1979 ਦੀ ਹੈ, ਜਦੋਂ ਅਮਰੀਕੀ ਪੁਲਾੜ ਸਟੇਸ਼ਨ ‘ਸਕਾਈਲੈਬ’ ਪੱਛਮੀ ਆਸਟ੍ਰੇਲੀਆ ਨੇੜੇ ਸਮੁੰਦਰ ਵਿੱਚ ਡਿੱਗਾ ਸੀ। ਇਸ ਦੇ ਡਿੱਗਣ ਤੋਂ ਪਹਿਲਾਂ ਵਿਗਿਆਨੀਆਂ ਵੱਲੋਂ ਸੂਚਨਾ ਦੇਣ `ਤੇ ਸੰਸਾਰ ਭਰ ਦੇ ਲੋਕਾਂ ਦੇ ਸਾਹ ਸੁੱਕੇ ਰਹੇ ਸਨ। ਗੱਲ ਕਰੀਏ ਜੇ ਇਨ੍ਹਾਂ ਦੀ ਗਿਣਤੀ ਦੀ, ਤਾਂ ਵਿਗਿਆਨਕ ਅਨੁਮਾਨਾਂ ਅਨੁਸਾਰ ਇਸ ਕੂੜੇ ਵਿੱਚ ਇੱਕ ਸੈਂਟੀਮੀਟਰ ਦੇ ਆਕਾਰ ਦੇ ਸਤਾਰਾਂ ਕਰੋੜ ਟੁਕੜੇ ਹਨ, ਇੱਕ ਤੋਂ ਦੱਸ ਸੈਂਟੀਮੀਟਰ ਤੱਕ ਆਕਾਰ ਦੇ ਨੌਂ ਲੱਖ ਟੁਕੜੇ ਹਨ ਅਤੇ ਚੌਂਤੀ ਹਜ਼ਾਰ ਦੇ ਕਰੀਬ ਵੱਡੇ ਆਕਾਰ ਦੇ ਟੁਕੜੇ ਹਨ, ਜਿਨ੍ਹਾਂ ਵਿੱਚ ਧਾਤੂਆਂ ਦੇ ਟੁਕੜੇ, ਨਟ-ਬੋਲਟ, ਕੰਪਿਊਟਰ ਚਿਪਸ, ਕੱਚ, ਪਲਾਸਟਿਕ ਅਤੇ ਉਪਗ੍ਰਹਿ ਦੇ ਬਾਲਣ ਦੇ ਬਚੇ ਹੋਏ ਹਿੱਸੇ ਸ਼ਾਮਲ ਹੁੰਦੇ ਹਨ।
ਦੱਸਣਯੋਗ ਹੈ ਕਿ ਧਰਤੀ ਤੋਂ ਭੇਜੇ ਜਾ ਰਹੇ ਨਵੇਂ ਪੁਲਾੜ ਵਾਹਨਾਂ ਲਈ ਇਹ ਕਚਰਾ ਦੁਰਘਟਨਾਵਾਂ ਹੋਣ ਦਾ ਖ਼ਤਰਾ ਪੈਦਾ ਕਰਦਾ ਰਹਿੰਦਾ ਹੈ। ਦੁਰਘਟਨਾਵਾਂ ਦੀਆਂ ਅਨੇਕਾਂ ਵਾਰਦਾਤਾਂ ਨਾਲ ਹੁਣ ਤੱਕ ਅਨੇਕਾਂ ਪੁਲਾੜੀ ਦੂਰਬੀਨਾਂ ਅਤੇ ਪੁਲਾੜੀ ਯੰਤਰਾਂ ਦਾ ਨੁਕਸਾਨ ਵੀ ਹੋ ਚੁੱਕਾ ਹੈ। ਵਿਗਿਆਨੀਆਂ ਨੂੰ ਸ਼ੱਕ ਹੈ ਕਿ 24 ਜੁਲਾਈ 1981 ਨੂੰ ਰੂਸ ਦਾ ਪੁਲਾੜ ਵਾਹਨ ‘ਕਾਸਮਾਸ 1275’ ਪੁਲਾੜੀ ਕਚਰੇ ਨਾਲ ਟਕਰਾਅ ਕੇ ਬਰਬਾਦ ਹੋਇਆ ਸੀ। ਇਸ ਕਚਰੇ ਦੁਆਰਾ ਪੁਲਾੜੀ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਹੋਰ ਵੀ ਉਦਾਹਰਨਾਂ ਹਨ- ਜਿਵੇਂ 24 ਜੁਲਾਈ 1996 ਨੂੰ ਯੂਰਪੀ ਰਾਕੇਟ ‘ਆਰੀਆਨ’ ਦਾ ਕਚਰੇ ਨਾਲ ਟਕਰਾਅ ਕੇ ਨੁਕਸਾਨਿਆ ਜਾਣਾ ਅਤੇ ਅਮਰੀਕਾ ਦੇ ‘ਇਰੀਡੀਅਮ 33’ ਉਪਗ੍ਰਹਿ ਦਾ ‘ਕਾਸਮਾਸ 2251’ ਨਾਲ ਟਕਰਾਅ ਕੇ ਹੀ ਟੁੱਟ ਜਾਣਾ। ਰੂਸ ਦਾ ਸਪੇਸ ਸਟੇਸ਼ਨ ‘ਮੀਰ’ ਵੀ ਪੁਲਾੜੀ ਕਚਰੇ ਨਾਲ ਟਕਰਾਅ ਕੇ ਨੁਕਸਾਨਿਆ ਗਿਆ ਸੀ। ‘ਇੰਟਰਨੈਸ਼ਨਲ ਸਪੇਸ ਸਟੇਸ਼ਨ’ ਦੇ ਪੈਨਲ ਵੀ ਪੁਲਾੜੀ ਕਚਰੇ ਦੁਆਰਾ ਤੋੜ ਦਿੱਤੇ ਗਏ ਸਨ।
